ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਦਰਅਸਲ, ਵਿਜੀਲੈਂਸ ਨੇ ਸ਼ਿਕੰਜਾ ਕੱਸਦੇ ਹੋਏ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦਸ ਦਈਏ ਚਾਹਲ ਇਸ ਵੇਲੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਚਾਹਲ ਨੂੰ ਗ੍ਰਿਫ਼ਤਾਰ ਕਰਨ ਲਈ 4 ਵਿਸ਼ੇਸ਼ ਵਿਜੀਲੈਂਸ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਪੰਜਾਬ, ਹਿਮਾਚਲ ਅਤੇ ਦਿੱਲੀ ‘ਚ ਚਾਹਲ ਦੀ ਭਾਲ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਚਾਹਲ ਵਿਦੇਸ਼ ਨਾ ਭੱਜ ਸਕਣ ਇਸ ਲਈ ਉਹਨਾਂ ਖਿਲਾਫ਼ ਲੁੱਕਆਊਟ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਚਾਹਲ ਅਤੇ ਪਰਿਵਾਰਕ ਮੈਂਬਰਾਂ ਦਾ 40 ਕਰੋੜ ਰੁਪਏ ਜਾਇਦਾਦ ਦਾ ਖੁਲਾਸਾ ਹੋਇਆ ਹੈ। ਚਾਹਲ ‘ਤੇ ਕੈਪਟਨ ਦੇ ਸਲਾਹਕਾਰ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਦੀ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ।
ਵਿਜੀਲੈਂਸ ਨੇ ਚਹਿਲ ਦੇ ਕਰੀਬੀਆਂ ਨੂੰ ਚਹਿਲ ਨੂੰ ਆਤਮ ਸਮਰਪਣ ਕਰਵਾਉਣ ਲਈ ਭੇਜਿਆ ਸੁਨੇਹਾ। ਮੰਨਿਆ ਜਾ ਰਿਹਾ ਹੈ ਕਿ ਚਾਹਲ ਜਲਦੀ ਹੀ ਆਤਮ ਸਮਰਪਣ ਕਰ ਦੇਣਗੇ। ਵਿਜੀਲੈਂਸ ਨੇ ਚਹਿਲ ਦੇ ਇਕ ਕਰੀਬੀ ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਿਆ। ਹਿਮਾਚਲ ਪ੍ਰਦੇਸ਼ ਦੇ ਇੱਕ ਹੋਟਲ ਵਿੱਚ ਤਲਾਸ਼ੀ ਲਈ ਗਈ। ਪਟਿਆਲਾ ਵਿੱਚ ਵੀ ਛਾਪੇਮਾਰੀ ਕੀਤੀ ਗਈ। ਚਹਿਲ ਦੇ ਕਰੀਬੀ ਜੋ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਰਹਿੰਦੇ ਹਨ ਉਹ ਵੀ ਵਿਜੀਲੈਂਸ ਦੀ ਰਾਡਾਰ ‘ਤੇ ਹਨ।