ਮੋਹਾਲੀ ਦੇ ਮਿਊਂਸੀਪਲ ਭਵਨ ‘ਚ ਸੀ.ਐਮ. ਭਗਵੰਤ ਮਾਨ ਖਿਡਾਰੀਆਂ ਦਾ ਸਨਮਾਨ ਕਰਨ ਲਈ ਪੁੱਜੇ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ‘ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਵੱਲੋਂ ਖਿਡਾਰੀਆਂ ਨੂੰ ਸਨਮਾਨ ਰਾਸ਼ੀ ਵੰਡੀ ਗਈ। ਨਾਲ ਹੀ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਹਰ ਮਹੀਨੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ 16 ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜੋ ਕਿ ਪਹਿਲਾਂ 8 ਹਜ਼ਾਰ ਰੁਪਏ ਮਿਲਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਖੇਡਾਂ ਅਤੇ ਰੁਜ਼ਗਾਰ ਦੇਵਾਂਗੇ ਤਾਂ ਫਿਰ ਪੰਜਾਬ ‘ਚੋਂ ਨਸ਼ੇ ਵੀ ਖ਼ਤਮ ਹੋ ਜਾਣਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੀਨੀਅਰ ਬਲਬੀਰ ਸਿੰਘ ਯੋਜਨਾ ਤਹਿਤ ਰਾਸ਼ਟਰੀ ਵਿਜੇਤਾਵਾਂ ਨੂੰ ਅੱਗੇ ਤਿਆਰੀ ਲਈ ₹16,000 ਪ੍ਰਤੀ ਮਹੀਨਾ ਵਜ਼ੀਫਾ ਦੇਵਾਂਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਮਾਨ ਸਨਮਾਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਖਿਡਾਰੀਆਂ ਨੂੰ ਤਗ਼ਮੇ ਜਿੱਤਣ ਦੇ ਕੁਝ ਦਿਨ ਬਾਅਦ ਹੀ ਸਨਮਾਨਤ ਕਰਨਾ ਹੈ। ਅਸੀਂ ‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਪੁਰਾਣੀਆਂ ਖੇਡਾਂ ਨੂੰ ਮੁੜ-ਸੁਰਜੀਤ ਕੀਤਾ ਹੈ। ਅਸੀਂ ਸਾਰੇ ਸਰਕਾਰੀ ਸਕੂਲਾਂ ਨੂੰ ਸਰੀਰਕ ਸਿੱਖਿਆ ਦੀਆਂ ਸੰਸਥਾਵਾਂ ਬਣਾਵਾਂਗੇ।