ਹਰਿਆਣਾ ਦੇ ਖੇਡ ਮੰਤਰੀ ਅਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਹਰਿਆਣਾ ‘ਚ ਨਿਯੁਕਤ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਛੇੜਛਾੜ ਦਾ ਗੰਭੀਰ ਦੋਸ਼ ਲਗਾਇਆ ਹੈ। ਪੀੜਤ ਨੈਸ਼ਨਲ ਐਥਲੀਟ ਦਾ ਕਹਿਣਾ ਹੈ ਕਿ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹਰ ਪੱਧਰ ’ਤੇ ਕੋਸ਼ਿਸ਼ ਕੀਤੀ ਪਰ ਸੁਣਵਾਈ ਨਹੀਂ ਹੋਈ। ਇਸ ਦੇ ਨਾਲ ਹੀ ਇਨੈਲੋ ਨੇਤਾ ਅਭੈ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਖੇਡ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅਥਲੀਟ ਦਾ ਦੋਸ਼ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਛੇੜਛਾੜ ਕੀਤੀ। ਪੀੜਤਾ ਦਾ ਦੋਸ਼ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ।
ਨੈਸ਼ਨਲ ਅਥਲੀਟ ਦਾ ਕਹਿਣਾ ਹੈ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਮੇਰੀ ਗੱਲ ਮੰਨਦੀ ਹੈ ਤਾਂ ਉਸ ਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ ਤੇ ਪੋਸਟਿੰਗ ਮਿਲੇਗੀ। ਜਦੋਂ ਮੈਂ ਮੰਤਰੀ ਸੰਦੀਪ ਸਿੰਘ ਦੀ ਗੱਲ ਨਾ ਸੁਣੀ ਤਾਂ ਉਸ ਤੋਂ ਬਾਅਦ ਮੇਰੀ ਬਦਲੀ ਕਰ ਦਿੱਤੀ ਗਈ ਅਤੇ ਟ੍ਰੇਨਿੰਗ ਵੀ ਬੰਦ ਕਰ ਦਿੱਤੀ ਗਈ। ਮੈਂ ਇਸ ਘਟਨਾ ਦੀ ਸ਼ਿਕਾਇਤ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਰਨ ਦੀ ਹਰ ਪੱਧਰ ਤੇ ਕੋਸ਼ਿਸ਼ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਇਸੇ ਲਈ ਅੱਜ ਮੈਂ ਇਨੈਲੋ ਆਗੂ ਅਭੈ ਚੌਟਾਲਾ ਨੂੰ ਮਿਲੀ ਹਾਂ। ਸ਼ਿਕਾਇਤਕਰਤਾ ਅਥਲੀਟ ਨੇ ਕਿਹਾ ਹੈ ਕਿ, ਅਭੈ ਚੌਟਾਲਾ ਨੇ ਹਿੰਮਤ ਦਿੱਤੀ ਹੈ ਅਤੇ ਮੀਡੀਆ ਦੇ ਸਾਹਮਣੇ ਆਉਣ ਲਈ ਕਿਹਾ ਹੈ। ਉਸ ਨੇ ਕਿਹਾ, ਮੈਨੂੰ ਕਿਤੇ ਵੀ ਕੋਈ ਮਦਦ ਨਹੀਂ ਮਿਲੀ, ਇਸ ਲਈ ਹੁਣ ਮੈਂ ਮੀਡੀਆ ਦੇ ਸਾਹਮਣੇ ਆਈ ਹਾਂ। ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਮੇਰੇ ਨਾਲ ਗੱਲ ਕੀਤੀ, ਪਰ ਅਜਿਹਾ ਸਾਫਟਵੇਅਰ ਵਰਤਿਆ ਹੈ, ਜਿਸ ਤੇ ਚੈਟ ਦਾ ਰਿਕਾਰਡ ਨਹੀਂ ਮਿਲ ਸਕਦਾ। ਉਸ ਨੇ ਕਿਹਾ ਕਿ ਕਈ ਹੋਰ ਮਹਿਲਾ ਖਿਡਾਰੀਆਂ ਨਾਲ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਗਈਆਂ ਹਨ ਪਰ ਉਹ ਅੱਗੇ ਨਹੀਂ ਆਈਆਂ।
ਇਸ ਦੇ ਨਾਲ ਹੀ ਰਾਸ਼ਟਰੀ ਐਥਲੀਟ ਦੇ ਨਾਲ ਅਭੈ ਚੌਟਾਲਾ ਨੇ ਵੀ ਇਸ ਮਾਮਲੇ ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਰਾਸ਼ਟਰੀ ਐਥਲੀਟ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਦੋਸ਼ ਲਗਾਏ ਹਨ। ਉਹ ਇੱਕ ਚੰਗੀ ਖਿਡਾਰਨ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਥਲੀਟ ਨੇ ਆਪਣੀ ਗੱਲ ਸਾਹਮਣੇ ਰੱਖੀ ਕਿ ਇੱਕ ਖੇਡ ਮੰਤਰੀ ਇੱਕ ਖਿਡਾਰੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ।ਅਭੈ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਚ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਖਿਡਾਰੀਆਂ ਨਾਲ ਅਜਿਹੀ ਹਰਕਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਖਿਡਾਰੀਆਂ ਨਾਲ ਅਜਿਹਾ ਵਿਵਹਾਰ ਕਰਨਗੇ ਤਾਂ ਉਨ੍ਹਾਂ ਨੂੰ ਮੈਡਲ ਕਿਵੇਂ ਮਿਲਣਗੇ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਉਹ ਸਾਰੇ ਖੇਡ ਪ੍ਰੇਮੀਆਂ ਨਾਲ ਗੱਲ ਕਰਨਗੇ। ਅਭੈ ਚੌਟਾਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ, ਮੈਂ ਇਸ ਮਾਮਲੇ ਚ ਭੂਪੇਂਦਰ ਹੁੱਡਾ ਨਾਲ ਵੀ ਗੱਲ ਕੀਤੀ ਹੈ। ਮੈਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਨਾਲ ਵੀ ਗੱਲ ਕਰਕੇ ਕਾਰਵਾਈ ਦੀ ਮੰਗ ਕਰਾਂਗਾ। ਮੇਰੀ ਮੰਗ ਹੈ ਕਿ ਸੰਦੀਪ ਸਿੰਘ ਨੂੰ ਬਰਖਾਸਤ ਕਰਨ ਤੋਂ ਬਾਅਦ ਸਰਕਾਰ ਐਸਆਈਟੀ ਬਣਾ ਕੇ ਜਾਂਚ ਕਰਾਵੇ।