ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਬਾਲੀਵੁੱਡ ਅਦਾਕਾਰ ਤੋਂ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੂੰ ਗਦਰ 2 ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ ਵਾਸੀਆਂ ਲਈ ਉਹਨਾਂ ਦੇ ਹਲਕੇ ਵਿੱਚ ਜਾਣ ਦੀ ਅਪੀਲ ਵੀ ਕੀਤੀ ਗਈ ਹੈ। ਦਸ ਦਈਏ ਕਿ ਪ੍ਰੀਤ ਹਰਪਾਲ ਗੁਰਦਾਸਪੁਰ ਦਾ ਹੀ ਰਹਿਣ ਵਾਲਾ ਹੈ। ਪ੍ਰੀਤ ਹਰਪਾਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ- “ਸੰਨੀ ਭਾਜੀ, ਤੁਹਾਨੂੰ ਗਦਰ-2 ਦੀਆਂ ਵਧਾਈਆਂ। ਇੱਥੋਂ ਵੇਹਲੇ ਹੋ ਕੇ ਇਕ ਚੱਕਰ ਗੁਰਦਾਸਪੁਰ ਵੀ ਮਾਰ ਲਓ। ਸਾਡੇ ਲੋਕਾਂ ਨੇ ਤੁਹਾਨੂੰ ਬਹੁਤ ਮਾਣ-ਸਤਿਕਾਰ ਦਿੱਤਾ ਹੈ। ਉਨ੍ਹਾਂ ਦਾ ਵੀ ਖਿਆਲ ਰੱਖੋ”।
ਦਸ ਦਈਏ ਕਿ 2024 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਪਹਿਲਾਂ ਹੀ ਮੁੜ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ। ਸੰਨੀ ਦਿਓਲ ਨੇ ਇੱਕ ਇੰਟਰਵਿਊ ਵਿੱਚ ਇਹ ਐਲਾਨ ਕੀਤਾ ਹੈ। ਦੂਜੇ ਪਾਸੇ 2019 ਦੀਆਂ ਚੋਣਾਂ ਤੋਂ ਬਾਅਦ ਸੰਨੀ ਸ਼ਾਇਦ ਹੀ ਇੱਕ ਵਾਰ ਆਪਣੇ ਹਲਕੇ ਵਿੱਚ ਗਏ ਹੋਣਗੇ। ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਹੈ। ਕਈ ਵਾਰ ਲੋਕ ਗੁਰਦਾਸਪੁਰ ਵਿੱਚ ਉਹਨਾਂ ਦੇ ਨਾਮ ਅਤੇ ਤਸਵੀਰ ਵਾਲੇ ਗੁੰਮਸ਼ੁਦਾ ਪੋਸਟਰ ਵੀ ਲਗਾ ਚੁੱਕੇ ਹਨ।
ਸੰਨੀ ਨੇ ਇੰਟਰਵਿਊ ‘ਚ ਹੱਸਦੇ ਹੋਏ ਕਿਹਾ ਸੀ, ਦਰਅਸਲ, ਰਾਜਨੀਤੀ ਸਾਡੇ ਪਰਿਵਾਰ ਨੂੰ ਸੂਟ ਨਹੀਂ ਕਰਦੀ। ਪਹਿਲੇ ਪਿਤਾ (ਧਰਮਿੰਦਰ) ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਛੱਡ ਦਿੱਤਾ, ਹੁਣ ਮੈਂ ਹਾਂ। ਸੰਨੀ ਨੇ ਕਿਹਾ ਕਿ ਜੇਕਰ ਭਾਜਪਾ ਉਨ੍ਹਾਂ ਨੂੰ 2024 ਦੀਆਂ ਚੋਣਾਂ ਲੜਨ ਲਈ ਕਹੇਗੀ ਤਾਂ ਉਹ ਇਨਕਾਰ ਕਰ ਦੇਣਗੇ। ਅਸਲ ਵਿੱਚ ਜੋ ਮੈਂ ਨਹੀਂ ਕਰ ਸਕਦਾ, ਉਹ ਮੈਂ ਇੱਕ ਵਾਰ ਕੋਸ਼ਿਸ਼ ਕਰਕੇ ਦੇਖ ਲਈ ਹੈ। ਮੈਂ ਨਾ ਤਾਂ ਰਾਜਨੀਤੀ ਕਰ ਸਕਦਾ ਹਾਂ ਅਤੇ ਨਾ ਹੀ ਕਰਨਾ ਚਾਹੁੰਦਾ ਹਾਂ। ਇਹ ਮੇਰੀ ਮਰਜ਼ੀ ਹੈ।