ਵੀਰਵਾਰ ਯਾਨੀ ਬੀਤੇ ਦਿਨ ਗੁਜਰਾਤ ਦੇ ਕੱਛ ਜ਼ਿਲੇ ‘ਚ ਦਸਤਕ ਦੇਣ ਤੋਂ ਬਾਅਦ ਚੱਕਰਵਾਤੀ ਤੂਫਾਨ ਬਿਪਰਜੋਏ ਨੇ ਭਾਵਨਗਰ ਸਮੇਤ ਗੁਜਰਾਤ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਕੀਤੀ ਹੈ। ਚੱਕਰਵਾਤੀ ਤੂਫਾਨ ਨੇ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਨਾਲ ਕੱਛ ਜ਼ਿਲ੍ਹੇ ਵਿੱਚ ਤਬਾਹੀ ਮਚਾਈ, ਜਿਸ ਨਾਲ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।
ਜ਼ਿਲ੍ਹੇ ‘ਚ ਵੱਡੀ ਗਿਣਤੀ ‘ਚ ਦਰੱਖਤ ਉੱਖੜ ਗਏ, ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ ਅਤੇ ਸਮੁੰਦਰ ਦੇ ਨੇੜੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ। ਇੱਕ ਅੰਦਾਜ਼ੇ ਅਨੁਸਾਰ 900 ਤੋਂ ਵੱਧ ਪਿੰਡ ਹਨੇਰੇ ਵਿੱਚ ਹਨ ਕਿਉਂਕਿ ਉਥੇ ਬਿਜਲੀ ਚਲੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤੂਫਾਨ ‘ਚ 2 ਲੋਕਾਂ ਦੀ ਮੌਤ, 22 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ 23 ਪਸ਼ੂਆਂ ਦੀ ਮੌਤ ਹੋਣ ਦੀ ਵੀ ਸੂਚਨਾ ਮਿਲੀ ਹੈ।
ਗੁਜਰਾਤ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇਹ ਤੂਫਾਨ ਰਾਜਸਥਾਨ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਚੱਕਰਵਾਤ ਬਿਪਰਜੋਏ ਦਿੱਲੀ ਅਤੇ ਚਾਰ ਹੋਰ ਰਾਜਾਂ ਵਿੱਚ ਬਾਰਿਸ਼ ਲਿਆਉਣ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਚਾਰ ਦਿਨਾਂ ਵਿੱਚ ਮੀਂਹ ਪਵੇਗਾ।
ਦੱਸਿਆ ਜਾ ਰਿਹਾ ਕਿ 18-19 ਜੂਨ ਤੱਕ ਕਮਜ਼ੋਰ ਹੋਇਆ ਚੱਕਰਵਾਤ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਨੇੜੇ ਪਹੁੰਚ ਜਾਵੇਗਾ। ਜਿਸ ਮਗਰੋਂ ਇਹਨਾਂ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਅਤੇ ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਪਾਕਿਸਤਾਨ ਦੇ ਤੱਟਵਰਤੀ ਖੇਤਰਾਂ ਵਿੱਚ ਚੱਕਰਵਾਤ ਬਿਪਰਜੋਏ ਦੇ ਆਗਮਨ ਤੋਂ ਪਹਿਲਾਂ ਦੇਸ਼ ਦੇ ਦੱਖਣੀ ਸਿੰਧ ਸੂਬੇ ਵਿੱਚ 82,000 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਚੱਕਰਵਾਤ ਦੇ ਪ੍ਰਭਾਵ ਕਾਰਨ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਆਉਣ ਦੀ ਸੰਭਾਵਨਾ ਨੂੰ ਵੇਖਦਿਆਂ, ਇਸ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।