ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੰਗਲਵਾਰ ਨੂੰ ਮਿਆਮੀ ਦੀ ਅਦਾਲਤ ‘ਚ ਗ੍ਰਿਫਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ‘ਤੇ ਗੁਪਤ ਦਸਤਾਵੇਜ਼ਾਂ ਨੂੰ ਰੱਖਣ ਦਾ ਦੋਸ਼ ਹੈ। ਖਬਰਾਂ ਅਨੁਸਾਰ, ਟਰੰਪ ਨੂੰ ਮਿਆਮੀ ਅਦਾਲਤ ਵਿੱਚ ਅਧਿਕਾਰਤ ਤੌਰ ‘ਤੇ ਸਮਰਪਣ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਦਸ ਦਈਏ ਕਿ ਟਰੰਪ ਨੇ ਗੈਰ-ਕਾਨੂੰਨੀ ਤੌਰ ‘ਤੇ ਗੁਪਤ ਦਸਤਾਵੇਜ਼ ਰੱਖਣ ਦੇ ਆਪਣੇ ‘ਤੇ ਲੱਗੇ 37 ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਟਰੰਪ ਦੇ ਵਕੀਲਾਂ ਨੇ ਅਦਾਲਤ ਵਿੱਚ ਜਿਊਰੀ ਮੁਕੱਦਮੇ ਦੀ ਬੇਨਤੀ ਕੀਤੀ। ਟਰੰਪ ਦੇ ਵਕੀਲ ਟੌਡ ਬਲੈਂਚ ਨੇ ਜੱਜ ਨੂੰ ਕਿਹਾ, ‘ਅਸੀਂ ਯਕੀਨੀ ਤੌਰ ‘ਤੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹਾਂ।’ ਸੁਣਵਾਈ ਦੌਰਾਨ ਟਰੰਪ ਝੱਕਕੇ ਅਤੇ ਚਿਹਰੇ ‘ਤੇ ਮੁਸਕਰਾਹਟ ਲੈ ਕੇ ਬੈਠੇ ਰਹੇ। ਇਸ ਦੌਰਾਨ ਉਹਨਾਂ ਨੇ ਕੁਝ ਨਹੀਂ ਕਿਹਾ।
ਹਾਲਾਂਕਿ, ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅਮਰੀਕੀ ਮੀਡੀਆ ਦੇ ਅਨੁਸਾਰ ਟ੍ਰੰਪ ਨੇ ਇਸ ਮਾਮਲੇ ਵਿੱਚ ਸੰਘੀ ਦੋਸ਼ਾਂ ਲਈ ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ ਹੈ। ਦਰਅਸਲ, ਮੀਡੀਆ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਅਦਾਲਤ ‘ਚ ਸੁਣਵਾਈ ਦੌਰਾਨ ਡੋਨਾਲਡ ਟ੍ਰੰਪ ਨੇ ਕਿਹਾ ਕਿ ਉਹ ਗੁਪਤ ਦਸਤਾਵੇਜ਼ਾਂ ਦੇ ਮਾਮਲੇ ‘ਚ ਬੇਕਸੂਰ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਮਿਆਮੀ ਪਹੁੰਚੇ, ਜਿੱਥੇ ਉਨ੍ਹਾਂ ਨੇ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੱਸ ਦੇਈਏ ਕਿ ਟ੍ਰੰਪ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ, ਜੋ ਕਿਸੇ ਅਪਰਾਧਿਕ ਮਾਮਲੇ ਵਿੱਚ ਸੰਘੀ ਜੱਜ ਦੇ ਸਾਹਮਣੇ ਪੇਸ਼ ਹੋਏ ਹਨ।
ਦੱਸ ਦੇਈਏ ਕਿ ਡੋਨਾਲਡ ਟ੍ਰੰਪ ਖ਼ਿਲਾਫ਼ ਗੁਪਤ ਦਸਤਾਵੇਜ਼ ਕੇਸ ਨਾਲ ਜੁੜੇ 37 ਮਾਮਲੇ ਦਰਜ ਕੀਤੇ ਗਏ ਹਨ। ਉਹ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਲਈ ਮਿਆਮੀ ਦੀ ਅਦਾਲਤ ਪਹੁੰਚੇ ਸਨ। ਇਸ ਦੌਰਾਨ ਟ੍ਰੰਪ ਦੇ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ। ਇਸ ਦੇ ਨਾਲ ਹੀ ਟ੍ਰੰਪ ਦੇ ਸਮਰਥਕਾਂ ਦੀ ਭੀੜ ਨੂੰ ਦੇਖਦਿਆਂ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਸੀ। ਪਿਛਲੇ ਸਾਲ ਐੱਫਬੀਆਈ ਨੇ ਟ੍ਰੰਪ ਤੋਂ 337 ਸਰਕਾਰੀ ਦਸਤਾਵੇਜ਼ ਜ਼ਬਤ ਕੀਤੇ ਸਨ। ਟ੍ਰੰਪ ਦੇ ਦੋਸ਼ਾਂ ਅਨੁਸਾਰ ਇਨ੍ਹਾਂ ਵਿੱਚੋਂ 21 ਦਸਤਾਵੇਜ਼ਾਂ ਨੂੰ ਟਾਪ ਸੀਕ੍ਰੇਟ ਅਤੇ 9 ਨੂੰ ਗੁਪਤ ਮਾਰਕ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਕਾਰਨ ਟ੍ਰੰਪ ਦੇ ਸਿਆਸੀ ਭਵਿੱਖ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰੀ ਮੁਤਾਬਕ ਉਹ 2024 ‘ਚ ਰਾਸ਼ਟਰਪਤੀ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।