ਪੰਜਾਬ ਦੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਰਦਾਸਪੁਰ ‘ਚ 3 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਪਾਏ ਗਏ ਹਨ। ਇਨ੍ਹਾਂ ਕੋਲੋਂ 15 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ। ਜਿਸ ਨੂੰ ਤਿੰਨਾਂ ਤਸਕਰਾਂ ਨੇ ਪਾਕਿਸਤਾਨ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਮੰਗਵਾਇਆ ਸੀ। ਇਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 105 ਕਰੋੜ ਰੁਪਏ ਹੈ। ਸੀ.ਆਈ.ਏ. ਨੂੰ ਇਹ ਸਫਲਤਾ ਗੁਰਦਾਸਪੁਰ ਅਧੀਨ ਪੈਂਦੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਹਰੂਵਾਲ ਤੋਂ ਮਿਲੀ। ਸੂਚਨਾ ਮਿਲਣ ਤੋਂ ਬਾਅਦ ਸੀ.ਆਈ.ਏ ਦੀ ਟੀਮ ਨੇ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਟੀਮ ਤਿਆਰ ਕੀਤੀ। ਇਸ ਦੌਰਾਨ ਸੀਆਈਏ ਦੀ ਟੀਮ ਨੇ ਪਿੰਡ ਵਿੱਚੋਂ ਹੀ 3 ਤਸਕਰਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਭੁਪਿੰਦਰ ਸਿੰਘ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਵਾਸੀ ਹਰੂਵਾਲ ਵਜੋਂ ਹੋਈ ਹੈ।
ਪਿੰਡ ਹਰੂਵਾਲ ਤਰਨਤਾਰਨ ਦੇ ਡੇਰਾ ਬਾਬਾ ਨਾਨਕ ਨੇੜੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਇੱਕ ਪਿੰਡ ਹੈ। ਫੜੇ ਗਏ ਸਮੱਗਲਰਾਂ ਨੇ ਖੁਦ ਦੱਸਿਆ ਕਿ ਉਨ੍ਹਾਂ ਨੇ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਸੀਆਈਏ ਦੀ ਟੀਮ ਨੇ ਤਿੰਨੋਂ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੀਆਈਏ ਦੀ ਟੀਮ ਤਿੰਨਾਂ ਤਸਕਰਾਂ ਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਜਾਂਚ ਦੌਰਾਨ ਇਸ ਗਰੋਹ ਦੇ ਬੈਕਵਰਡ ਲਿੰਕ ਦਾ ਪਤਾ ਲਗਾਇਆ ਜਾਵੇਗਾ।



