ਅੰਮ੍ਰਿਤਸਰ: ਗੁਰਬਾਣੀ ਵਿੱਚ ਲਗਾਂ ਮਾਤਰਾਵਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਸ਼ਨੀਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਕਰਕੇ ਦੋਸ਼ੀਆਂ ਨੂੰ ਸਜ਼ਾ ਲਾਈ ਗਈ। ਸਿੰਘ ਸਾਹਿਬਾਨ ਵੱਲੋਂ ਪਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿੱਚੋਂ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ, ਜਦਕਿ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਇਸਦੇ ਨਾਲ ਹੀ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਅਤੇ ਭਜਨੀਕ ਸਿੰਘ ਨੂੰ ਧਾਰਮਿਕ ਤਨਖਾਹ ਦੀ ਸਜ਼ਾ ਲਾਈ ਗਈ ਹੈ।
ਜਾਣਕਾਰੀ ਅਨੁਸਾਰ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਅਮਰੀਕਾ ਵਿਖੇ ਗੁਰਬਾਣੀ ਵਿੱਚ ਲਗਾਂ ਮਾਤਰਾ ਵਿੱਚ ਛੇੜਛਾੜ ਦੇ ਦੋਸ਼ ਵਿੱਚ ਕੁੱਲ 4 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ। ਪੰਜ ਸਿੰਘ ਸਾਹਿਬ ਦੇ ਫੈਸਲੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਜਾਰੀ ਕੀਤੇ। ਥਮਿੰਦਰ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਹੋਇਆ ਤਾਂ ਸੀਨੀਅਰ ਅਕਾਲੀ ਆਗੂ ਅਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਬਰਤਨ ਸਾਫ ਕਰਨ, 21 ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਬੈਠ ਕੇ ਪਾਠ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਢਾਡੀ ਸਿੰਘਾਂ ਨੂੰ 21 ਦਿਨ 5100 ਰੁਪਏ ਭੇਟਾ ਕਰਨ ਦੀ ਸਜ਼ਾ ਸੁਣਾਈ ਗਈ ਹੈ। ਇਸਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਹੁਣ 5 ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ। ਜ਼ਿਕਰ ਕਰ ਦਈਏ ਕਿ ਸੁੱਚਾ ਲੰਗਾਹ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਕ ਔਰਤ ਨੇ ਲੰਗਾਹ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸੁੱਚਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ, ਇਸ ਸਭ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਛੇਕ ਦਿੱਤਾ ਗਿਆ ਸੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਸੀ।
ਇਸਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਡੱਬੇ ਵਿੱਚ ਬੰਦ ਰੱਖਣ ਵਾਲੇ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਨੂੰ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਚ ਕੀਤਰਨ ਸੁਣਨੇ, 11 ਦਿਨ ਜੋੜੇ ਸਾਫ ਕਰਨ ਅਤੇ 125 ਡਾਲਰ ਗੋਲਕ ਵਿੱਚ ਪਾਉਣ ਦੀ ਸਜ਼ਾ ਲਾਈ ਇਸਤੋਂ ਇਲਾਵਾ ਭਜਨੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੂੰ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਕੀਤਰਨ ਸੁਣਨ, 1 ਹਫ਼ਤਾ 1 ਘੰਟਾ ਜੋੜਾ ਸਾਫ ਕਰਨ ਅਤੇ 125 ਡਾਲਰ ਚੜਾਵੇ ਦੇ ਹੁਕਮ ਜਾਰੀ ਕੀਤੇ ਹਨ।