ਗੁਰਬਾਣੀ ਪ੍ਰਸਾਰਣ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ SGPC ਨੂੰ ਨਿਸ਼ਾਨੇ ‘ਤੇ ਲਿਆ ਹੈ। ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਵਿਚ ਉਹਨਾਂ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ, ਉਹਨਾਂ ਸਿਰਫ਼ ਇਹ ਕਿਹਾ ਹੈ ਕਿ ਸੈਟੈਲਾਈਟ ਚੈਨਲ ‘ਤੇ ਗੁਰਬਾਣੀ ਪ੍ਰਸਾਰਣ ਹੋਣਾ ਚਾਹੀਦਾ ਤਾਂ ਸ਼੍ਰੋਮਣੀ ਕਮੇਟੀ ਸਿਰਫ਼ ਇਕ ਚੈਨਲ ਨੂੰ ਕਿਉਂ ਹੀ ਬੇਨਤੀ ਕਰ ਰਹੀ ਹੈ, ਬਾਕੀਆਂ ਨੂੰ ਬੇਨਤੀ ਕਿਉਂ ਨਹੀਂ ਕੀਤੀ ਜਾ ਰਹੀ।
ਉਥੇ ਹੀ ਪੰਜਾਬ ਸਰਕਾਰ ਵਲੋਂ 19-20 ਜੂਨ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਗੈਰ-ਸੰਵਿਧਾਨਿਕ ਕਰਾਰ ਦਿੱਤੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਗਵਰਨਰ ਸਾਬ੍ਹ ਵਿਧਾਨ ਸਭਾ ਸੈਸ਼ਨ ਨੂੰ ਗੈਰ ਸੰਵਿਧਾਨਕ ਦੱਸ ਰਹੇ ਹਨ ਅਤੇ ਪੰਜਾਬ ਦੇ ਗਵਰਨਰ ਨੂੰ ਇਹ ਨਹੀਂ ਪਤਾ ਸੈਸ਼ਨ Legal ਸੀ ਜਾਂ Illegal। ਉਹਨਾਂ ਕਿਹਾ ਕਿ ਅਸੀਂ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਅਸੀਂ ਵੀ ਮਾਹਿਰਾਂ ਦੀ ਸਲਾਹ ਨਾਲ ਸੈਸ਼ਨ ਬੁਲਾਇਆ ਸੀ। ਜੇ ਅੱਜ ਸਾਨੂੰ ਬਿਲਾਂ ‘ਤੇ ਦਸਤਖ਼ਤ ਕਰਕੇ ਦਿੰਦੇ ਨੇ ਤਾਂ ਅਸੀਂ ਗੁਰਬਾਣੀ ਪੂਰੀ ਦੁਨੀਆਂ ‘ਚ ਲੈਕੇ ਜਾਣ ਲਈ ਅਗਲਾ ਕਦਮ ਚੁੱਕੀਏ। ਅਸੀਂ ਸੋਧ ਨਾਲ SGPC ਦੀਆਂ ਪਾਵਰਾਂ ‘ਚ ਵਾਧਾ ਕਰ ਰਹੇ ਹਾਂ।
ਇਸਦੇ ਨਾਲ ਹੀ ਉਹਨਾਂ ‘INDIA’ ਗਠਬੰਧਨ ‘ਤੇ ਪੰਜਾਬ ‘ਚ ਆਪ-ਕਾਂਗਰਸ ਦੇ ਗਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ‘ਤੇ ਪ੍ਰਤਾਪ ਸਿੰਘ ਬਾਜਵਾ ਦੇ ਆਏ ਬਿਆਨ ‘ਤੇ ਬੋਲਦਿਆਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਕਾਂਗਰਸ ਸਾਰੀ ਉਮਰ ਵਿਰੋਧੀ ਧਿਰ ਹੀ ਰਹੇ।