ਖਾਲਿਸਤਾਨੀ ਪੱਖੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਗੁਰੂ ਮਰਿਯਾਦਾ ਅਨੁਸਾਰ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਵਿਆਹ ਰਚਾ ਲਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਅੰਮ੍ਰਿਤਪਾਲ ਸਿੰਘ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਹੈ ਉਹ ਇੰਗਲੈਂਡ ਦੇ ਰਹਿਣ ਵਾਲੇ ਪਿਆਰਾ ਸਿੰਘ ਦੀ ਧੀ ਕਿਰਨਦੀਪ ਕੌਰ ਹੈ। ਅੰਮ੍ਰਿਤਪਾਲ ਸਿੰਘ ਦਾ ਵਿਆਹ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਝੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਕੇ ਹੋਇਆ ਹੈ। ਇਹ ਵਿਆਹ ਬੜੇ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਕਿਰਨਦੀਪ ਕੌਰ ਜਲੰਧਰ ਦੇ ਪਿੰਡ ਕੁਲਾਰ ਦੀ ਰਹਿਣ ਵਾਲੀ ਹੈ ਅਤੇ ਹੁਣ ਉਹ ਵਿਦੇਸ਼ ਤੋਂ ਪੰਜਾਬ ਆਈ ਹੈ। ਅੱਜ ਗੁਰੂ ਘਰ ‘ਚ ਲਾਵਾਂ ਲੈਕੇ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਥੇ ਦਸ ਦਈਏ ਕਿ ਪਹਿਲਾਂ ਅੰਮ੍ਰਿਤਪਾਲ ਸਿੰਘ ਦਾ ਵਿਆਹ ਜਲੰਧਰ ਦੇ ਫਤਿਹਪੁਰ ਸਥਿਤ ਇਤਿਹਾਸਕ ਗੁਰੂਘਰ ਵਿਖੇ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਵਿਖੇ ਹੋਣਾ ਸੀ ਪਰ ਹੁਣ ਜੋ ਜਾਣਕਾਰੀ ਆਈ ਹੈ ਉਹ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਝੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ’ਚ ਕਿਰਨਦੀਪ ਕੌਰ ਨਾਲ ਲਾਵਾਂ ਲਈਆਂ ਹਨ।
ਜਾਣਕਾਰੀ ਮੁਤਾਬਕ ਪਰਿਵਾਰ ਦੀ ਅੰਮ੍ਰਿਤਪਾਲ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੈ। ਫਿਲਹਾਲ ਲੜਕੀ ਦਾ ਪਿਤਾ ਪਿਆਰਾ ਸਿੰਘ ਅਤੇ ਪਰਿਵਾਰ ਇੰਗਲੈਂਡ ਵਿੱਚ ਸੈਟਲ ਹੈ। ਕਿਰਨਦੀਪ ਵਿਆਹ ਸਮਾਗਮ ਲਈ ਇੰਗਲੈਂਡ ਤੋਂ ਪੰਜਾਬ ਆਈ ਹੈ।