ਬੀਤੇ ਕੱਲ੍ਹ ਏਜੀਟੀਐਫ ਦੀ ਟੀਮ ਨੇ ਪੰਜਾਬੀ ਗਾਇਕਾਂ-ਗੈਂਗਸਟਰਾਂ ਤੇ ਟਰੈਵਲ ਏਜੰਟਾਂ ਦੇ ਗਠਜੋੜ ‘ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਮੁੜ ਵਿਵਾਦਾਂ ਵਿਚ ਘਿਰ ਗਏ। ਹੁਣ ਇਸ ਮਾਮਲੇ ‘ਤੇ ਕਰਨ ਔਜਲਾ ਦਾ ਬਿਆਨ ਸਾਹਮਣੇ ਆਇਆ ਹੈ। ਕਰਨ ਔਜਲਾ ਨੇ ਕਿਹਾ ਹੈ ਕਿ ਮੇਰੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ ਨਹੀਂ ਹੋਈ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਮੈਂ ਕਿਸੇ ਨੂੰ ਜਾਣਦਾ ਵੀ ਹਾਂ ਤਾਂ ਵੀ ਕੋਈ ਮੇਰੇ ਤੋਂ ਪੁੱਛ ਕੇ ਜਿੰਦਗੀ ਦੇ ਫੈਸਲੇ ਲਵੇਗਾ। ਕੀ ਇਕੱਲਾ ਮੈਂ ਹੀ ਸਾਰਿਆਂ ਦਾ ਦੋਸਤ ਹਾਂ। ਹਰ ਵਾਰ ਮੇਰਾ ਹੀ ਨਾਂ ਕਿਉਂ ਜੋੜਿਆ ਜਾਂਦਾ ਹੈ। ਉਸਨੇ ਜੋ ਕੀਤਾ ਉਸਦਾ ਹਰਜਾਨਾ ਉਹ ਭੁਗਤ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਭਰਾ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਹਰਕਤ ਵਿੱਚ ਹੈ। AGTF ਨੇ ਗਾਇਕ ਕਰਨ ਔਜਲਾ ਦੀ ਮੈਨੇਜਰ ਸ਼ਾਰਪੀ ਘੁੰਮਣ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੈਂਗ ਗੈਂਗਸਟਰਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਬਾਹਰ ਭੇਜਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਏਜੀਟੀਐਫ ਨੇ ਪਟਿਆਲਾ ਵਾਸੀ ਸੁਖਜਿੰਦਰ ਸਿੰਘ ਉਰਫ਼ ਸ਼ੈਰਪੀ ਤੋਂ ਇਲਾਵਾ ਜਾਅਲੀ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਹੇਠ ਕਾਕੀਪਿੰਡ ਜਲੰਧਰ ਦੇ ਰਹਿਣ ਵਾਲੇ ਓਂਕਾਰ ਸਿੰਘ, ਬਰੇਲੀ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਕੋਲੋਂ 9 ਜਾਅਲੀ ਪਾਸਪੋਰਟ ਵੀ ਬਰਾਮਦ ਕੀਤੇ ਹਨ।