ਭਾਰਤ ਵਾਸੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਮਹੀਨੇ ਦੇ ਪਹਿਲੇ ਦਿਨ 1 ਸਤੰਬਰ ਨੂੰ ਇੱਕ ਵਾਰ ਫਿਰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਅਜਿਹੇ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 157 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਰਕਾਰ ਨੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੀ।
ਕਮਰਸ਼ੀਅਲ ਗੈਸ ਸਿਲੰਡਰ ਦੀ ਤਾਜ਼ਾ ਕੀਮਤ ਦੀ ਗੱਲ ਕਰੀਏ ਤਾਂ ਇਹ ਹੁਣ 1522.50 ਰੁਪਏ ਹੋ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਯਾਨੀ ਹੁਣ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1680 ਰੁਪਏ ਦੀ ਬਜਾਏ 1522.50 ਰੁਪਏ ਵਿੱਚ ਮਿਲੇਗਾ। ਇਸੇ ਤਰ੍ਹਾਂ ਮੁੰਬਈ ਵਿੱਚ ਹੁਣ ਕਮਰਸ਼ੀਅਲ ਸਿਲੰਡਰ 1640.50 ਰੁਪਏ ਦੀ ਬਜਾਏ 1482 ਰੁਪਏ ਵਿੱਚ ਮਿਲੇਗਾ। ਗੈਸ ਸਿਲੰਡਰ ਦੀਆਂ ਕੀਮਤਾਂ ਘਟਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਰਸੋਈ ਗੈਸ ਸਿਲੰਡਰ (ਐਲਪੀਜੀ) ਦੀ ਕੀਮਤ 200 ਰੁਪਏ ਘਟਾਉਣ ਦਾ ਐਲਾਨ ਕੀਤਾ ਸੀ। ਇਸ ਨਾਲ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਕੁੱਲ 400 ਰੁਪਏ ਦੀ ਗੈਸ ਸਬਸਿਡੀ ਮਿਲੇਗੀ। ਉਹਨਾਂ ਨੂੰ ਪਹਿਲਾਂ 200 ਰੁਪਏ ਦੀ ਸਬਸਿਡੀ ਮਿਲ ਰਹੀ ਸੀ। ਇਸ ਫੈਸਲੇ ਤੋਂ ਬਾਅਦ ਬੁੱਧਵਾਰ ਤੋਂ ਦਿੱਲੀ ਵਿੱਚ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 903 ਰੁਪਏ ਹੋ ਗਈ ਹੈ। ਪਹਿਲਾਂ ਇਹ 1,103 ਰੁਪਏ ਸੀ। ਜਦੋਂ ਕਿ ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ 703 ਰੁਪਏ ਵਿੱਚ ਐਲਪੀਜੀ ਸਿਲੰਡਰ ਮਿਲ ਰਿਹਾ ਹੈ।