ਚਾਈਨਾ ਡੋਰ ਕਾਰਨ ਕਈ ਹਾਦਸੇ ਵਾਪਰ ਰਹੇ ਹਨ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ DGP ਗੌਰਵ ਯਾਦਵ ਨੇ ਸੂਬੇ ’ਚ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। DGP ਨੇ ਪਾਬੰਦੀ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਚਾਈਨਾ ਡੋਰ ਤਿਆਰ ਕਰੇਗਾ, ਵੇਚੇਗਾ, ਉਸ ਖ਼ਿਲਾਫ਼ ਪੁਲਸ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਪਹਿਲਾਂ ਹੀ ਚਾਈਨਾ ਡੋਰ ਦੀ ਵਰਤੋਂ ’ਤੇ ਪਾਬੰਦੀ ਲਗਾਈ ਹੋਈ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਚਾਈਨਾ ਡੋਰ ਬਹੁਤ ਖ਼ਤਰਨਾਕ ਹੈ, ਇਸ ਲਈ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਲੋਕਾਂ ਦੀ ਜਾਨ ਖ਼ਤਰੇ ’ਚ ਪੈਂਦੀ ਹੈ।
ਡੀ. ਜੀ. ਪੀ. ਨੇ ਕਿਹਾ ਕਿ ਜੋ ਵੀ ਵਿਅਕਤੀ ਦੂਜੇ ਸੂਬਿਆਂ ਤੋਂ ਚਾਈਨਾ ਡੋਰ ਨੂੰ ਖਰੀਦ ਕੇ ਪੰਜਾਬ ’ਚ ਲਿਆ ਕੇ ਵੇਚਦਾ ਹੈ, ਉਸ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾਵੇਗਾ। ਇਸ ਲਈ ਲੋਕਾਂ ਨੂੰ ਚਾਈਨਾ ਡੋਰ ਦੀ ਵਿਕਰੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੌਰਵ ਯਾਦਵ ਨੇ ਕਿਹਾ ਕਿ ਸੀ. ਆਰ. ਪੀ. ਸੀ. ਐਕਟ 1973 ਦੇ ਨਿਯਮ 144 ਤਹਿਤ ਜੋ ਵੀ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰਨ ’ਚ ਸ਼ਾਮਲ ਹੋਵੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਤੈਅ ਹੈ।
ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਕਿਉਂਕਿ ਇਸ ਨਾਲ ਘਾਤਕ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਅਜਿਹੇ ਪਦਾਰਥਾਂ ਦੀ ਬਣੀ ਹੁੰਦੀ ਹੈ, ਜੋ ਕਿਸੇ ਦੀ ਵੀ ਜਾਨ ਲੈ ਸਕਦੀ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਜਾਨਲੇਵਾ ਘਟਨਾਵਾਂ ਵਾਪਰ ਚੁੱਕੀਆਂ ਹਨ। ਪੰਜਾਬ ਪੁਲਸ ਮੁਖੀ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਬਾਅਦ ਵੀ ਇਹ ਖ਼ਤਮ ਨਹੀਂ ਹੁੰਦੀ ਹੈ ਅਤੇ ਮਿੱਟੀ ’ਚ ਵੀ ਨਹੀਂ ਘੁਲਦੀ ਹੈ ਕਿਉਂਕਿ ਇਸ ’ਚ ਕੁਝ ਅਜਿਹੇ ਪਦਾਰਥ ਹੁੰਦੇ ਹਨ, ਜੋ ਇਸ ਦੀ ਵਰਤੋਂ ਕਰਨ ਤੋਂ ਬਾਅਦ ਵੀ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਚਾਈਨਾ ਡੋਰ ਨਾਲ ਪਤੰਗ ਉਡਾਉਣਗੇ, ਉਨ੍ਹਾਂ ਖ਼ਿਲਾਫ਼ ਵੀ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ, ਇਸੇ ਲਈ ਉਹ ਲੋਕਾਂ ਨੂੰ ਅਜੇ ਚਾਈਨਾ ਡੋਰ ਦੀ ਵਰਤੋਂ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ ਕਿਉਂਕਿ ਜੇਕਰ ਕੱਲ੍ਹ ਨੂੰ ਕੋਈ ਇਸ ਦੀ ਵਰਤੋਂ ਕਰਦਾ ਫੜਿਆ ਗਿਆ ਜਾਂ ਕੋਈ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ।