ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਾਰਟੀ ‘ਚੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਚੁੱਕਾ ਹੈ। ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਆਪਣੀ ਭੜਾਸ ਕੱਢੀ ਹੈ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਚੰਗਾ ਹੋਇਆ ਛੁਟਕਾਰਾ ਹੋ ਗਿਆ। ਉਨ੍ਹਾਂ ਤਿੱਖੇ ਸ਼ਬਦਾਂ ‘ਚ ਕਿਹਾ ਕਿ ਮਨਪ੍ਰੀਤ ਬਾਦਲ ਸੱਤਾ ਦੇ ਭੁੱਖੇ ਹਨ। ਜਦੋਂ ਉਨ੍ਹਾਂ ਨੇ ਕਾਂਗਰਸ ‘ਚ ਸ਼ਮੂਲੀਅਤ ਕੀਤੀ , ਉਸ ਵੇਲੇ ਉਹ ਜਾਣਦੇ ਸੀ ਕਿ ਪਾਰਟੀ ਜਿੱਤ ਰਹੀ ਹੈ। ਰਾਜਾ ਵੜਿੰਗ ਨੇ ਆਖਿਆ ਕਿ ਮਨਪ੍ਰੀਤ ਬਾਦਲ ਲਈ 5 ਸਾਲ ਸੱਤਾ ਤੋਂ ਬਾਹਰ ਰਹਿਣਾ ਬਹੁਤ ਔਖਾ ਸੀ। ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਸ਼ਹਾਦਤ ਦਾ ਰੋਣਾ ਰੋਣ ਦੀ ਬਜਾਏ, ਕਾਂਗਰਸ ਨਾਲ ਕੀਤੇ ਧੋਖੇ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।
ਨਾਲ ਹੀ ਉਹਨਾਂ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਹਨਾਂ ਲਿਖਿਆ ਕਿ ਕੋਈ ਵੀ ਮੀਰ ਜਾਫ਼ਰ ਕਦੇ ਵੀ ਅਜਿਹਾ ਬਾਦਸ਼ਾਹ ਬਣੇ ਰਹਿਣ ਲਈ ਨਹੀਂ ਉੱਠਿਆ, ਜਿਸ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਬਦਨਾਮੀ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਦਰਜ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ’ਚੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਬਾਦਲ ਨੇ ਆਪਣਾ ਲੰਬਾ-ਚੌੜਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜਿਆ। ਇਸ ਅਸਤੀਫ਼ੇ ਵਿਚ ਮਨਪ੍ਰੀਤ ਬਾਦਲ ਨੇ ਆਖਿਆ ਕਿ ਕਾਂਗਰਸ ਨੇ ਪਾਰਟੀ ਅਤੇ ਪੰਜਾਬ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੂੰ ਸੌਂਪੀ ਹੈ, ਉਨ੍ਹਾਂ ਨੇ ਕਾਂਗਰਸ ਨੂੰ ਜੋੜਨ ਦੀ ਬਜਾਏ ਸਗੋਂ ਹੋਰ ਤੋੜਿਆ ਹੈ। ਉਨ੍ਹਾਂ ਲੋਕਾਂ ਨੇ ਧੜੇਬੰਦੀ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਮਨਪ੍ਰੀਤ ਨੇ ਕਿਹਾ ਹੈ ਕਿ ਉਹ ਅਸਤੀਫ਼ਾ ਦੇਣ ਲੱਗੇ ਬਹੁਤ ਉਦਾਸ ਹਨ।