ਸੈਕਟਰ-17 ਥਾਣਾ ਪੁਲਸ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਖਿਲਾਫ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ ਵਿਦਿਆਰਥੀ ਦੀ ਕੁੱਟਮਾਰ ਕਰਨ ਅਤੇ ਅਗਵਾ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਦੂਜੀ ਧਿਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ ਵਿਦਿਆਰਥੀ ਨਰਵੀਰ ‘ਤੇ ਕਰਾਸ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਸੈਕਟਰ-17 ਸਥਿਤ ਹੋਟਲ ਹਯਾਤ ਸੈਂਟਰਿਕ ਸਥਿਤ ਰੈਸਟੋਰੈਂਟ ‘ਚ ਵਾਪਰੀ। ਪੀਯੂ ਦੇ ਲਾਅ ਦੇ ਤੀਜੇ ਸਾਲ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ‘ਤੇ ਕੁੱਟਮਾਰ, ਗੈਰ-ਕਾਨੂੰਨੀ ਤੌਰ ‘ਤੇ ਰੋਕਣ, ਅਗਵਾ ਕਰਨ ਦੀ ਕੋਸ਼ਿਸ਼ ਅਤੇ ਡਰਾਉਣ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਉਦੈਵੀਰ ਨੇ ਨਰਵੀਰ ਸਿੰਘ ‘ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੰਧਾਵਾ ਰਾਤ ਨੂੰ ਸੈਕਟਰ-17 ਥਾਣੇ ਪਹੁੰਚੇ ਸਨ। 3ਬੀ2 ਮੁਹਾਲੀ ਦੇ ਵਸਨੀਕ ਨਰਵੀਰ ਸਿੰਘ ਅਨੁਸਾਰ ਬੁੱਧਵਾਰ ਰਾਤ ਨੂੰ ਉਦੈਵੀਰ ਸਿੰਘ ਆਪਣੇ ਗੰਨਮੈਨਾਂ ਦੇ ਨਾਲ ਸੀ ਅਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇਲਜ਼ਾਮ ਅਨੁਸਾਰ ਉਦੈਵੀਰ ਨੇ ਬੰਦੂਕਧਾਰੀਆਂ ਨਾਲ ਮਿਲ ਕੇ ਉਸ ਨੂੰ ਇੱਕ ਐਸਯੂਵੀ ਵਿੱਚ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਉਸ ਨੂੰ ਸੈਕਟਰ-17 ਥਾਣੇ ਲੈ ਆਇਆ।
ਨਰਵੀਰ ਮੁਤਾਬਕ ਘਟਨਾ ਦੇ ਸਮੇਂ ਉਹ ਰੈਸਟੋਰੈਂਟ ਦੇ ਟਾਇਲਟ ‘ਚ ਸੀ, ਜਿੱਥੇ ਉਦੈਵੀਰ ਪਹਿਲਾਂ ਹੀ ਮੌਜੂਦ ਸੀ। ਇੱਥੇ ਉਸ ਨੇ ਮੁੱਕਾ ਮਾਰਕੇ ਹਮਲਾ ਕਰ ਦਿੱਤਾ। ਇਸ ‘ਤੇ ਨਰਵੀਰ ਨੇ ਵੀ ਆਪਣਾ ਬਚਾਅ ਕੀਤਾ। ਨਰਵੀਰ ਮੁਤਾਬਕ ਉਦੈਵੀਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਦੀ ਕੁੱਟਮਾਰ ਕੀਤੀ। ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਾ ਪਰ ਉਦੈਵੀਰ ਦੇ ਨਾਲ ਆਏ ਦੋ-ਤਿੰਨ ਬੰਦੂਕਧਾਰੀਆਂ ਨੇ ਸੈਕਟਰ-17/18 ਦੇ ਲਾਈਟ ਪੁਆਇੰਟ ‘ਤੇ ਉਸ ਨੂੰ ਫੜ ਲਿਆ ਅਤੇ ਬੰਦੂਕ ਦੀ ਨੋਕ ‘ਤੇ ਉਸ ਨੂੰ ਐਸਯੂਵੀ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਥਾਣੇ ਲੈ ਗਏ। ਨਰਵੀਰ ਅਨੁਸਾਰ ਉਹ ਉਸਨੂੰ ਕਿਸੇ ਹੋਰ ਥਾਂ ‘ਤੇ ਲੈ ਕੇ ਜਾਣ ਲੱਗੇ ਪਰ ਉਸਦੇ ਦੋਸਤਾਂ ਨੂੰ ਗੱਡੀਆਂ ‘ਚ ਆਉਂਦਾ ਦੇਖ ਉਹ ਉਸਨੂੰ ਥਾਣੇ ਲੈ ਗਏ। ਉਸ ‘ਤੇ ਸ਼ਿਕਾਇਤ ਵਾਪਸ ਲੈਣ ਲਈ ਥਾਣੇ ‘ਚ ਦਬਾਅ ਵੀ ਪਾਇਆ ਗਿਆ। ਦੂਜੇ ਪਾਸੇ ਉਦੈਵੀਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਹ ਟਾਇਲਟ ‘ਚ ਸੀ। ਇਸੇ ਦੌਰਾਨ ਨਰਵੀਰ ਉਥੇ ਆ ਗਿਆ ਅਤੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਪੱਗ ਵੀ ਡਿੱਗ ਗਈ। ਉਹ ਬਾਹਰ ਭੱਜਿਆ ਪਰ ਨਰਵੀਰ ਨੇ ਆਪਣੇ ਦੋਸਤਾਂ ਸਮੇਤ ਉਸ ਨੂੰ ਘੇਰ ਲਿਆ। ਪੁਲਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ’ਤੇ ਕਰਾਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਨਰਵੀਰ ਅਤੇ ਉਦੈਵੀਰ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਦੇਰ ਰਾਤ ਸੈਕਟਰ-22 ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਨਰਵੀਰ ਅਨੁਸਾਰ ਉਸ ਦਾ ਉਦੈਵੀਰ ਰੰਧਾਵਾ ਨਾਲ ਪੁਰਾਣਾ ਝਗੜਾ ਹੈ। ਮਈ 2019 ਵਿਚ ਵੀ ਇਕ ਲੜਕੀ ਨੂੰ ਲੈ ਕੇ ਲੜਾਈ ਦੀ ਘਟਨਾ ਵਾਪਰੀ ਸੀ, ਜਿਸ ਵਿਚ ਸਮਝੌਤਾ ਹੋ ਗਿਆ ਸੀ। ਇਸ ਤੋਂ ਬਾਅਦ ਅਕਤੂਬਰ 2020 ‘ਚ ਕਾਲਕਾ-ਸ਼ਿਮਲਾ ਰੋਡ ‘ਤੇ ਲੜਾਈ ਦੀ ਘਟਨਾ ਵੀ ਵਾਪਰੀ ਸੀ। ਇਸ ਦਾ ਵੀ ਬਾਅਦ ਵਿੱਚ ਨਿਪਟਾਰਾ ਹੋ ਗਿਆ। ਇਸ ਮਾਮਲੇ ‘ਚ ਦੋਵਾਂ ਧਿਰਾਂ ਦੀ ਸ਼ਿਕਾਇਤ ‘ਤੇ ਕਰਾਸ ਐਫਆਈਆਰ ਦਰਜ ਕੀਤੀ ਗਈ ਹੈ। ਨਰਵੀਰ ਸਿੰਘ ਖਿਲਾਫ ਧਾਰਾ 323, 341 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਉਦੈਵੀਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।