ਚੰਡੀਗੜ੍ਹ ‘ਚੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਵਾਰਾ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਇਕ ਕੁੜੀ ‘ਤੇ ਤੇਜ਼ ਰਫ਼ਤਾਰ ਥਾਰ ਚੜ੍ਹ ਗਈ। ਇਸ ਘਟਨਾ ਦੌਰਾਨ ਕੁੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਕਾਰ ਚਾਲਕ ਫ਼ਰਾਰ ਹੋ ਗਿਆ ਹੈ। ਲੜਕੀ ਦੇ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫਰਨੀਚਰ ਮਾਰਿਕਟ ਕਿਨਾਰੇ ਤੇਜਸਵਿਤਾ ਕੌਸ਼ਲ (25) ਨਾਂ ਦੀ ਕੁੜੀ ਫੁੱਟਪਾਥ ਦੇ ਕਿਨਾਰੇ ਅਵਾਰਾ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਸੀ। ਇਸੇ ਦੌਰਾਨ ਮੋਹਾਲੀ ਵੱਲੋਂ ਗਲਤ ਸਾਈਡ ਤੋਂ ਆ ਰਹੀ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਥਾਰ ਦਾ ਟਾਇਰ ਉਸ ਉੱਪਰ ਚੜ੍ਹ ਗਿਆ।
![](http://thepunjabtalks.com/wp-content/uploads/2023/01/WhatsApp-Image-2023-01-16-at-12.02.57-PM-710x1024.jpeg)
![](http://thepunjabtalks.com/wp-content/uploads/2023/01/2.jpg)
ਇਸ ਤੋਂ ਤੁਰੰਤ ਬਾਅਦ ਕੁੜੀ ਨੂੰ ਜੀ. ਐੱਮ. ਐੱਸ. ਐੱਚ.-16 ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੇ ਸਿਰ ਦੇ ਦੋਵੇਂ ਪਾਸੇ ਟਾਂਕੇ ਲੱਗੇ ਹਨ। ਕੁੜੀ ਨੂੰ ਹੋਸ਼ ਆ ਗਿਆ ਹੈ ਅਤੇ ਘਰਵਾਲਿਆਂ ਦੇ ਮੁਤਾਬਕ ਉਹ ਗੱਲ ਕਰ ਰਹੀ ਹੈ ਅਤੇ ਠੀਕ ਹੈ। ਇਸ ਮਾਮਲੇ ‘ਚ ਸੈਕਟਰ-61 ਦੀ ਪੁਲਸ ਨੇ ਡੀ. ਡੀ. ਆਰ. ਦਰਜ ਕੀਤੀ ਸੀ। ਹਾਦਸੇ ਦੀ ਫੁਟੇਜ ਵੀ ਜ਼ਖਮੀ ਕੁੜੀ ਦੇ ਪਿਤਾ ਓਜਸਵੀ ਕੌਸ਼ਲ ਨੇ ਕਢਵਾਈ ਸੀ। ਟੱਕਰ ਮਾਰਨ ਤੋਂ ਬਾਅਦ ਥਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜ਼ਖਮੀ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਆਰਕੀਟੈਕਟ ‘ਚ ਗ੍ਰੇਜੂਏਟ ਹੈ ਅਤੇ ਅਜੇ ਯੂ. ਪੀ. ਐੱਸ. ਸੀ. ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
![](http://thepunjabtalks.com/wp-content/uploads/2023/01/3.jpg)
![](http://thepunjabtalks.com/wp-content/uploads/2023/01/1.jpg)
ਉਹ ਰੋਜ਼ ਰਾਤ ਦੇ ਸਮੇਂ ਆਪਣੀ ਮਾਂ ਨਾਲ ਫਰਨੀਚਰ ਮਾਰਕਿਟ ‘ਚ ਅਵਾਰਾ ਕੁੱਤਿਆਂ ਨੂੰ ਖਾਣਾ ਖਿਲਾਉਣ ਜਾਂਦੀ ਸੀ। ਰੋਜ਼ਾਨਾ ਦੀ ਤਰ੍ਹਾਂ ਹਾਦਸੇ ਵਾਲੇ ਦਿਨ ਵੀ ਉਹ ਕੁੱਤਿਆਂ ਨੂੰ ਖਾਣਾ ਖਿਲਾਉਣ ਗਈ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਥਾਰ ਉਸ ‘ਤੇ ਚੜ੍ਹ ਗਈ, ਜਿਸ ਨੂੰ ਦੇਖ ਕੇ ਮਾਂ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਮਦਦ ਲਈ ਰੌਲਾ ਪਾਉਣ ਲੱਗੀ। ਜਦੋਂ ਕਿਸੇ ਰਾਹਗੀਰ ਨੇ ਉਸ ਦੀ ਮਦਦ ਨਾ ਕੀਤੀ ਤਾਂ ਉਸ ਨੇ ਸਭ ਤੋਂ ਪਹਿਲਾਂ ਪੁਲਸ ਨੂੰ ਸੂਚਿਤ ਕੀਤਾ ਅਤੇ ਫਿਰ ਆਪਣੇ ਪਤੀ ਨੂੰ ਮੌਕੇ ‘ਤੇ ਸੱਦਿਆ।