ਭਾਰਤ ਦਾ ਤੀਜਾ ਮੂਨ ਮਿਸ਼ਨ ਚੰਦਰਯਾਨ-3 ਹੌਲੀ-ਹੌਲੀ ਚੰਦ ਦੇ ਨੇੜੇ ਆ ਰਿਹਾ ਹੈ। ਵੀਰਵਾਰ ਨੂੰ, ਲੈਂਡਰ ਮਾਡਿਊਲ ਨੂੰ ਪ੍ਰੋਪਲਸ਼ਨ ਮਾਡਿਊਲ ਤੋਂ ਵੱਖ ਕਰਨ ਤੋਂ ਬਾਅਦ, ਚੰਦਰਯਾਨ-3 ਨੇ ਚੰਦਰਮਾ ਦੀ ਪਹਿਲੀ ਤਸਵੀਰ ਭੇਜੀ ਹੈ, ਜੋ ਕਿ ਬਹੁਤ ਖੂਬਸੂਰਤ ਹੈ। ਇਹ ਤਸਵੀਰ ਚੰਦਰਯਾਨ-3 ਦੇ ਲੈਂਡਰ ਇਮੇਜਰ ਨਾਲ ਜੁੜੇ ਕੈਮਰਾ-1 ਤੋਂ 17/18 ਅਗਸਤ ਨੂੰ ਲਈ ਗਈ ਸੀ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਇਸ ਦਾ ਵੀਡੀਓ ਬਣਾ ਕੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਚੰਦਰਮਾ ‘ਤੇ ਪਹੁੰਚਣ ਲਈ, ਚੰਦਰਯਾਨ-3 ਦੇ ਵਿਕਰਮ ਲੈਂਡਰ ਨੂੰ ਲਗਭਗ 100 ਕਿਲੋਮੀਟਰ ਦੀ ਦੂਰੀ ਆਪਣੇ ਆਪ ਤੈਅ ਕਰਨੀ ਪੈਂਦੀ ਹੈ। ਲੈਂਡਰ ਮਾਡਿਊਲ ਦੀ ਡੀਬੂਸਟਿੰਗ 18 ਅਗਸਤ ਨੂੰ ਹੋਈ ਸੀ। ਡੀਬੂਸਟਿੰਗ ਦੀ ਪ੍ਰਕਿਰਿਆ ਵਿੱਚ, ਲੈਂਡਰ ਦੀ ਗਤੀ ਘੱਟ ਜਾਂਦੀ ਹੈ।
ਇਸਰੋ ਮੁਤਾਬਕ, ਲੈਂਡਰ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਲੈਂਡਰ ਵਿਕਰਮ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨਗੇ। ਜੇਕਰ ਚੰਦਰਮਾ-3 ਦੀ ਸਾਫਟ ਲੈਂਡਿੰਗ ਸਫਲਤਾਪੂਰਵਕ ਹੋ ਜਾਂਦੀ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ।
ਦਸ ਦਈਏ ਕਿ ਸਾਲ 2019 ‘ਚ ਚੰਦਰਯਾਨ-2 ਮਿਸ਼ਨ ਦਾ ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ ਕਰੈਸ਼ ਹੋ ਗਿਆ ਸੀ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਤੀਜੇ ਚੰਦਰਮਾ ਮਿਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸਰੋ ਦੇ ਵਿਗਿਆਨੀ ਪਿਛਲੇ ਕਈ ਮਹੀਨਿਆਂ ਤੋਂ ਮਿਸ਼ਨ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਸਨ। ਇਸ ਵਾਰ ਚੰਦਰਯਾਨ-3 ਦੀ ਲੈਂਡਿੰਗ ‘ਚ ਕੋਈ ਦਿੱਕਤ ਨਾ ਆਵੇ ਇਸ ਦਾ ਖਾਸ ਧਿਆਨ ਰੱਖਿਆ ਗਿਆ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਚੰਦਰਯਾਨ-2 ਦੀ ਤਰ੍ਹਾਂ ਚੰਦਰਯਾਨ-3 ਦੇ ਲੈਂਡਰ ਦਾ ਨਾਂ ਵੀ ਵਿਕਰਮ ਰੱਖਿਆ ਗਿਆ ਹੈ। ਇਸ ਮਿਸ਼ਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਨੂੰ ਕਿਸੇ ਵੀ ਹਾਲਤ ‘ਚ ਚੰਦਰਮਾ ‘ਤੇ ਉਤਾਰਿਆ ਜਾ ਸਕੇ। 23 ਅਗਸਤ ਨੂੰ, ਜਦੋਂ ਲੈਂਡਰ ‘ਵਿਕਰਮ’ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੀ ਕੋਸ਼ਿਸ਼ ਕਰੇਗਾ ਅਤੇ ਜੇ ਕੋਈ ਸਮੱਸਿਆ ਆਈ, ਤਾਂ ਉਸ ਨੂੰ ਕਿਸੇ ਹੋਰ ਥਾਂ ‘ਤੇ ਵੀ ਉਤਾਰਿਆ ਜਾ ਸਕਦਾ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ‘ਤੇ ਸਫਲਤਾਪੂਰਵਕ ਉਤਰਨਾ ਅਤੇ ਉੱਥੇ ਚੱਲਣ ਦੀ ਸਮਰੱਥਾ ਨੂੰ ਸਾਬਤ ਕਰਨਾ ਹੈ।