ਲੰਘੀ 27 ਮਾਰਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਇਕ ਵਿਸ਼ੇਸ਼ ਇਕੱਤਰਤਾ ਸੱਦ ਲਈ ਹੈ। ਇਹ ਇਕੱਤਰਤਾ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਮੀਡੀਆ ਅਦਾਰਿਆ ਉਪਰ ਹੋ ਰਹੀ ਕਾਰਵਾਈ ਨੂੰ ਲੈਕੇ ਸੱਦੀ ਗਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਵਾਰ ਇਹ ਇਕੱਤਰਤਾ 7 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੁਲਾਈ ਗਈ ਹੈ।
ਇਸ ’ਚ ਸਿੱਖ ਮੀਡੀਆ ਦੇ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਤਹਿਤ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਚਾਰਾਂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਵਲੋਂ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕੀਤਾ ਹੈ ਕਿ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠੇ ਬਿਰਤਾਂਤ ਨੂੰ ਪੰਜਾਬਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ‘ਤੇ ਟੰਗ ਕੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਅਵਾਜ ਬੰਦ ਕੀਤੀ। ਦਸ ਦਈਏ ਕਿ ਇਸਤੋਂ ਪਹਿਲਾਂ 27 ਮਾਰਚ ਨੂੰ ਸਿੱਖ ਪੰਥ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਇਕੱਤਰਤਾ ਸੱਦੀ ਗਈ ਸੀ, ਜਿਸ ਵਿਚ ਸਿੰਘ ਸਾਹਿਬ ਵੱਲੋਂ ਅਹਿਮ ਫ਼ੈਸਲੇ ਲਏ ਗਏ ਸਨ।