‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਰਾਜ ਸਭਾ ਸਾਂਸਦ ਚੱਢਾ ਨੂੰ ਘੇਰਦੇ ਹੋਏ ਕਿਹਾ ਕਿ ਅੱਜ ਰਾਘਵ ਚੱਢਾ ਦੀ ਪ੍ਰੈੱਸ ਕਾਨਫਰੰਸ ਨੇ ਸਾਬਤ ਕਰ ਦਿੱਤਾ ਹੈ ਕਿ “ਆਪ” ਵਾਲੇ ਲੋਕ ਸਿਰਫ ਅਤੇ ਸਿਰਫ ਝੂਠ ਬੋਲਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦਾ ਝੂਠ ਫੜਿਆ ਜਾਂਦਾ ਹੈ ਤਾਂ ਉਹ ਮੁਆਫੀ ਮੰਗਣ ਦਾ ਦਿਖਾਵਾ ਕਰਦੇ ਹਨ ਜਾਂ 10 ਹੋਰ ਝੂਠ ਹੋਰ ਬੋਲ ਦਿੰਦੇ ਹੈ। ਸਿਰਸਾ ਨੇ ਰਾਘਵ ਚੱਢਾ ਨੂੰ ਤਾਂ ਇਥੋਂ ਤੱਕ ਆਖ ਦਿੱਤਾ ਕਿ ਉਹ ਕੁਝ ਵੀ ਲੈਣ ਝੂਠ ਦੀ ਸਜ਼ਾ ਤਾਂ ਜ਼ਰੂਰ ਮਿਲੇਗੀ।
ਦਸ ਦਈਏ ਕਿ ਭਾਜਪਾ ਦਾ ਦੋਸ਼ ਹੈ ਕਿ ਰਾਘਵ ਚੱਢਾ ਨੇ ਦਿੱਲੀ ਸੇਵਾ (ਸੋਧ) ਬਿੱਲ ਨੂੰ ਸਿਲੈਕਟ ਕਮੇਟੀ ਨੂੰ ਭੇਜਣ ਲਈ ਰਾਜ ਸਭਾ ਦੇ ਪ੍ਰਸਤਾਵ ਵਿੱਚ ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ। ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਨੂੰ ਜਾਂਚ ਲਈ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਸੇਵਾਵਾਂ (ਸੋਧ) ਬਿੱਲ 7 ਅਗਸਤ ਨੂੰ ਰਾਤ 10 ਵਜੇ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ‘ਆਪ’ ਸੰਸਦ ਚੱਢਾ ਨੇ ਦਿੱਲੀ ਸੇਵਾ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਸੀ।
ਇਸ ‘ਤੇ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ ਸੀ- ਚੱਢਾ ਨੇ ਮਤੇ ‘ਤੇ 5 ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ ਹਨ। ਦੋ ਮੈਂਬਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਦਸਤਖ਼ਤ ਨਹੀਂ ਕੀਤੇ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਡਿਪਟੀ ਸਪੀਕਰ ਹਰੀਵੰਸ਼ ਨੇ ਕਿਹਾ ਕਿ ਮੇਰੇ ਕੋਲ 4 ਮੈਂਬਰ ਪਹਿਲਾਂ ਹੀ ਸ਼ਿਕਾਇਤ ਕਰ ਚੁੱਕੇ ਹਨ। ਜਿਸ ਤੋਂ ਬਾਅਦ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ‘ਤੇ ਦਸਤਖਤ ਕਰਨ ਦੀ ਲੋੜ ਨਹੀਂ ਹੈ ਅਤੇ ਇਹ ਨਿਯਮ ਹੈ। ਚੱਢਾ ਨੇ ਕਿਹਾ ਕਿ ਉਨ੍ਹਾਂ ਖਿਲਾਫ ਜਾਅਲੀ ਦਸਤਖਤਾਂ ਦੀ ਸ਼ਿਕਾਇਤ ਸਿਰਫ ਅਫਵਾਹ ਹੈ, ਭਾਜਪਾ ਲਗਾਤਾਰ ਝੂਠ ਬੋਲ ਰਹੀ ਹੈ। ਚੱਢਾ ਨੇ ਕਿਹਾ- ਇਹ ਰਾਜ ਸਭਾ ਸਕੱਤਰੇਤ ਦਾ ਬੁਲੇਟਿਨ ਹੈ। ਇਸ ਵਿੱਚ ਕਿਤੇ ਵੀ ਦਸਤਖ਼ਤ, ਜਾਅਲਸਾਜ਼ੀ, ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ। ਸਿਰਫ ਇੰਨਾ ਹੀ ਕਿਹਾ ਗਿਆ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਭਾਜਪਾ ਕੋਲ ਅਜਿਹਾ ਕੋਈ ਜਾਅਲੀ ਦਸਤਖਤ ਵਾਲਾ ਕਾਗਜ਼ ਹੈ ਤਾਂ ਦਿਖਾਓ।