ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਰੋਧੀਆਂ ਵਲੋਂ ਲਗਾਤਾਰ ਸੂਬਾ ਸਰਕਾਰ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਨੇ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਸੰਸਦ ‘ਚ ਆਉਂਦਾ ਸੀ, ਉਹੀ ਹੁਣ ਰਾਜ ਚਲਾ ਰਿਹਾ ਹੈ, ਸਾਨੂੰ ਸੜਕਾਂ ‘ਤੇ ‘ਨਾ ਡਰਿੰਕ ਐਂਡ ਡਰਾਈਵ’ ਲਿਿਖਆ ਮਿਲਦਾ ਹੈ, ਪਰ ਉਹ ਸ਼ਰਾਬ ਦੇ ਨਸ਼ੇ ‘ਚ ਰਾਜ ਚਲਾ ਰਹੇ ਹਨ, ਇਸ ਤੋਂ ਇਲਾਵਾ ਬੀਬਾ ਬਾਦਲ ਨੇ ਪੰਜਾਬ ਸਰਕਾਰ ਦੇ ਕੰਮਾਂ ਤੇ ਵਾਅਦਿਆਂ ‘ਤੇ ਵੱਡੇ ਸਵਾਲ ਖੜੇ ਕੀਤੇ ਹਨ।
ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸ਼ਰਾਬ ਪੀ ਕੇ ਰਾਜ ਸਰਕਾਰ ਚਲਾਉਣ ਦਾ ਦੋਸ਼ ਲਾਇਆ। ਅੱਜ ਲੋਕ ਸਭਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧਦਿਆਂ ਹਰਸਿਮਰਤ ਬਾਦਲ ਨੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਪਾਰਟੀ ਆਈ ਹੈ ਜੋ ਬਦਲਾਅ ਦੀ ਰਾਜਨੀਤੀ ਕਰਨ ਦੀ ਗੱਲ ਕਰ ਰਹੀ ਹੈ ਪਰ 10 ਮਹੀਨਿਆਂ ਦੇ ਅੰਦਰ ਹੀ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਸੁਪਰੀਮ ਕੋਰਟ ਨੇ ਵੀ ਸੂਬਾ ਸਰਕਾਰ ਤੋਂ ਨਾਰਾਜ਼ਗੀ ਜਤਾਈ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ‘ਤੇ ਤੰਜ ਕਸਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਪਤਾ ਨਹੀਂ ਉਹ ਕੀ ਖਾਂਦੇ-ਪੀਂਦੇ ਸਨ, ਜਿਸ ਕਰਕੇ ਉਨ੍ਹਾਂ ਦੇ ਨੇੜੇ ਬੈਠੇ ਲੋਕ ਕਹਿੰਦੇ ਸਨ ਕਿ ਸਾਡੀ ਸੀਟ ਬਦਲ ਦਿਓ, ਸੁਰੱਖਿਆ ਵਾਲੇ ਲੋਕ ਜਾ ਕੇ ਉਨ੍ਹਾਂ ਦੀ ਜਾਂਚ ਕਰਦੇ ਸਨ। ਹਾਲਾਂਕਿ, ਬੀਬਾ ਬਾਦਲ ਦੇ ਇਸ ਬਿਆਨ ਨੂੰ ਲੈਕੇ ਕਿਸੇ ਵੀ ‘ਆਪ’ ਆਗੂ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ।