ਆਪਣੀ ਪਤਨੀ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਲਈ ਮਾਨਸਾ ਜੇਲ੍ਹ ’ਚ ਤਾਇਨਾਤ ਡੀ.ਐੱਸ.ਪੀ. ਨੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ। ਦਰਅਸਲ, ਮਾਨਸਾ ਜੇਲ੍ਹ ’ਚ ਤਾਇਨਾਤ ਡੀ.ਐੱਸ.ਪੀ. ਨੇ ਆਪਣੀ ਪਤਨੀ ਨੂੰ ਫਰਜ਼ੀ ਜੱਜ ਬਣਾ ਕੇ ਪੁਲਿਸ ਵਿਭਾਗ ’ਚ ਨੌਕਰੀ ਦਿਵਾਉਣ ਬਹਾਨੇ ਕਈ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਪਰ ਉਨ੍ਹਾਂ ਦੀ ਠੱਗੀ ਦਾ ਕਾਰੋਬਾਰ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਕਮਿਸ਼ਨਰੇਟ ਪੁਲਿਸ ਦੀ ਸੀ. ਆਈ. ਏ.-2 ਨੇ ਥਾਣਾ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਚਲਾ ਕੇ ਮੁਲਜ਼ਮਾਂ ਨੂੰ ਟ੍ਰੈਕ ਲਗਾ ਦੇ ਦਬੋਚ ਲਿਆ, ਜਦੋਂਕਿ ਅਜੇ ਉਨ੍ਹਾਂ ਦੇ ਦੋ ਸਾਥੀ ਫੜੇ ਜਾਣੇ ਬਾਕੀ ਹਨ। ਫੜੇ ਗਏ ਮੁਲਜ਼ਮਾਂ ’ਚ ਡੀ. ਐੱਸ. ਪੀ. ਨਰਪਿੰਦਰ ਸਿੰਘ ਉਰਫ ਸੰਨੀ ਹੈ, ਜੋ ਮੌਜੂਦਾ ਸਮੇਂ ਮਾਨਸਾ ਜੇਲ੍ਹ ਵਿਚ ਡਿਪਟੀ ਸੁਪਰਡੈਂਟ ਦੀ ਪੋਸਟ ’ਤੇ ਤਾਇਨਾਤ ਸੀ, ਜਦੋਂਕਿ ਫਰਜ਼ੀ ਜੱਜ ਬਣਨ ਵਾਲੀ ਉਸ ਦੀ ਪਤਨੀ ਦੀਪਕਿਰਣ ਹੈ।
ਇਸ ਤੋਂ ਇਲਾਵਾ ਇਸ ਫਰਜ਼ੀਵਾੜੇ ’ਚ ਉਨ੍ਹਾਂ ਨਾਲ ਸਾਹਨੇਵਾਲ ਦਾ ਰਹਿਣ ਵਾਲਾ ਸੁਖਦੇਵ ਸਿੰਘ ਅਤੇ ਮੰਡੀ ਗੋਬਿੰਦਗੜ੍ਹ ਦਾ ਲਖਵਿੰਦਰ ਸਿੰਘ ਉਰਫ ਲਾਡੀ ਵੀ ਸ਼ਾਮਲ ਸੀ, ਜੋ ਦੋਵੇਂ ਅਜੇ ਫਰਾਰ ਹਨ। ਉਨ੍ਹਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੇ ਥਾਣਾ ਮੋਤੀ ਨਗਰ ’ਚ ਪਰਚਾ ਦਰਜ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਰਪਿੰਦਰ ਸਿੰਘ ਪਹਿਲਾਂ ਲੁਧਿਆਣਾ ਜੇਲ੍ਹ ਦੇ ਅੰਦਰ ਡਿਪਟੀ ਸੁਪਰਡੈਂਟ ਤਾਇਨਾਤ ਸੀ, ਜਦੋਂਕਿ ਦੀਪਕਿਰਣ ਖੁਦ ਨੂੰ ਐਡਵੋਕੇਟ ਦੱਸਦੀ ਸੀ, ਜੋ ਆਮ ਕਰ ਕੇ ਕਿਸੇ ਨਾ ਕਿਸੇ ਕੇਸ ’ਚ ਲੁਧਿਆਣਾ ਜੇਲ੍ਹ ਵਿਚ ਆਉਂਦੀ-ਜਾਂਦੀ ਰਹਿੰਦੀ ਸੀ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ। ਫਿਰ ਦੋਵਾਂ ਨੇ ਵਿਆਹ ਕਰਨ ਦੀ ਸੋਚ ਲਈ। ਦੀਪਕਿਰਣ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਕੇ ਨਰਪਿੰਦਰ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ।
ਨਰਪਿੰਦਰ ਪਹਿਲਾਂ ਡੀ. ਐੱਸ. ਪੀ. ਸੀ ਪਰ ਵਿਆਹ ਤੋਂ ਬਾਅਦ ਦੀਪਕਿਰਣ ਖੁਦ ਨੂੰ ਜੱਜ ਦੱਸਣ ਲੱਗ ਗਈ ਸੀ। ਉਸ ਤੋਂ ਬਾਅਦ ਨਰਪਿੰਦਰ ਦੀ ਬਦਲੀ ਮਾਨਸਾ ਹੋ ਗਈ। ਦੀਪਕਿਰਣ ਬਾਕੀ ਦੋ ਸਾਥੀਆਂ ਨਾਲ ਪੁਲਸ ’ਚ ਭਰਤੀ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਂਦੀ ਸੀ ਅਤੇ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਉਨ੍ਹਾਂ ਤੋਂ ਠੱਗ ਲੈਂਦੀ ਸੀ। ਨੌਜਵਾਨਾਂ ਨੂੰ ਇਹ ਕਹਿੰਦੀ ਸੀ ਕਿ ਉਹ ਖੁਦ ਜੱਜ ਅਤੇ ਉਸ ਦੇ ਪਤੀ ਸੀਨੀਅਰ ਰੈਂਕ ਦੇ ਹੋਣ ਕਾਰਨ ਵਿਭਾਗ ’ਚ ਉਨ੍ਹਾਂ ਦੀ ਚੰਗੀ ਪਕੜ ਹੈ, ਜਿਸ ਕਾਰਨ ਨੌਜਵਾਨ ਉਨ੍ਹਾਂ ਦੇ ਝਾਂਸੇ ’ਚ ਆ ਕੇ ਲੱਖਾਂ ਰੁਪਏ ਖਰਚਣ ਲਈ ਤਿਆਰ ਹੋ ਜਾਂਦੇ ਸਨ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀਪਕਿਰਣ ਖਿਲਾਫ ਪਹਿਲਾਂ ਵੀ ਇਕ ਕੇਸ ਦਰਜ ਹੈ।
ਸੀ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁਧਿਆਣਾ ਦੇ 4 ਵਿਅਕਤੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਸ ਤੋਂ ਬਾਅਦ ਇਸ ਦੀ ਭਿਣਕ ਸੀ. ਆਈ. ਏ.-2 ਨੂੰ ਪਈ ਅਤੇ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਟ੍ਰੈਪ ਲਗਾਇਆ ਗਿਆ। ਫਿਰ ਸੀ. ਆਈ. ਏ. ਨੇ ਮੋਤੀ ਨਗਰ ਨਾਲ ਸਾਂਝੇ ਅਾਪ੍ਰੇਸ਼ਨ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਉਹ ਲੁਧਿਆਣਾ ਦੇ 4 ਵਿਅਕਤੀਆਂ ਤੋਂ ਆਪਣੇ ਪਤੀ ਨਾਲ ਮਿਲ ਕੇ 20 ਲੱਖ ਰੁਪਏ ਲੈ ਚੁੱਕੀ ਹੈ ਅਤੇ ਅੱਗੇ ਕਈ ਹੋਰ ਲੋਕ ਵੀ ਇਨ੍ਹਾਂ ਨੂੰ ਪੈਸੇ ਦੇਣ ਲਈ ਤਿਆਰ ਬੈਠੇ ਸਨ ਪਰ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਏ।
ਡੀ. ਐੱਸ. ਪੀ. ਵਰਿੰਦਰ ਸਿੰਘ ਬਰਾੜ, ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਕ ਦੀਪਕਿਰਣ ਇੰਨੀ ਸ਼ਾਤਰ ਹੈ ਕਿ ਉਹ ਖੁਦ ਨੂੰ ਜੱਜ ਦੇ ਰੂਪ ਵਿਚ ਪੇਸ਼ ਕਰਦੀ ਸੀ। ਉਹ ਕਿਸੇ ਨੂੰ ਆਸਾਨੀ ਨਾਲ ਮਿਲਦੀ ਵੀ ਨਹੀਂ ਸੀ। ਉਸ ਤੱਕ ਪੁੱਜਣ ਲਈ ਪਹਿਲਾਂ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਕੋਲ ਜਾਣਾ ਪੈਂਦਾ ਸੀ। ਉਹ ਆਪਣੇ ਨਾਲ ਦੋਵੇਂ ਮੁਲਜ਼ਮਾਂ ਨੂੰ ਪੁਲਸ ਦੀ ਵਰਦੀ ਵੀ ਕਦੇ ਕਦਾਈਂ ਪਹਿਨਾ ਦਿੰਦੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਫਾਰਚਿਊਨਰ ਕਾਰ, ਇਕ ਸਵਿਫਟ ਕਾਰ, 2 ਕਾਂਸਟੇਬਲ ਦੀਆਂ ਵਰਦੀਆਂ, ਇਕ ਮਹਿਲਾ ਸਬ-ਇੰਸਪੈਕਟਰ ਦੀ ਵਰਦੀ ਜਿਸ ’ਤੇ ਸ਼੍ਰੇਆ ਕਪੂਰ ਲਿਖਿਆ ਹੈ। ਇਸ ਤੋਂ ਇਲਾਵਾ 1 ਲੱਖ ਰੁਪਏ ਦੀ ਨਕਦੀ, 2 ਜਾਅਲੀ ਜੁਆਇਨਿੰਗ ਲੈਟਰ ਜਿਸ ’ਤੇ ਜਾਅਲੀ ਦਸਤਖ਼ਤ, ਪੁਲਸ ’ਚ ਭਰਤੀ ਕਰਵਾਏ ਜਾਣ ਲਈ 10 ਫਾਰਮ, ਲੋਕਾਂ ਤੋਂ ਠੱਗੇ ਹੋਏ ਪੈਸੇ ਨਾਲ ਖਰੀਦੇ ਗਹਿਣੇ ਵੀ ਪੁਲਸ ਨੇ ਬਰਾਮਦ ਕਰ ਲਏ ਹਨ। ਪੁਲਸ ਸ਼੍ਰੇਆ ਕਪੂਰ ਨਾਂ ਦੀ ਔਰਤ ਦਾ ਪਤਾ ਲਗਾਉਣ ’ਚ ਜੁਟੀ ਹੈ।