2 ਵੱਡੀਆਂ ਸਰਕਾਰ-ਕਿਸਾਨ ਮਿਲਣੀ ‘ਚ ਮਿਲੇ ਸੁਝਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਨੂੰ 4 ਭਾਗਾਂ ‘ਚ ਵੰਡ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਮਾਨ ਵਲੋਂ ਲਾਈਵ ਆਕੇ ਸਾਂਝੀ ਕੀਤੀ ਗਈ ਹੈ। ਸੀ.ਐਮ. ਪੰਜਾਬ ਨੇ ਦੱਸਿਆ ਕਿ ਪਹਿਲੇ ਜ਼ੋਨ ‘ਚ ਬਾਰਡਰ ਦੇ ਨਾਲ ਤਾਰ ਤੋਂ ਪਾਰ ਦੇ ਖੇਤਾਂ ‘ਚ 10 ਜੂਨ ਤੋਂ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕਿਸਾਨਾਂ ਨੂੰ ਬਿਜਲੀ ਦਿਨ ਦੇ ਸਮੇਂ 8 ਜਾਂ ਇਸ ਤੋਂ ਵੱਧ ਘੰਟਿਆਂ ਲਈ ਦਿੱਤੀ ਜਾਵੇਗੀ ਕਿਉਂਕਿ ਸਰਹੱਦੀ ਇਲਾਕੇ ਹੋਣ ਕਾਰਨ ਰਾਤ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਹਿੱਸੇ ‘ਚ 16 ਜੂਨ ਤੋਂ 7 ਜ਼ਿਲ੍ਹੇ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਝੋਨੇ ਦੀ ਬਿਜਾਈ ਕਰ ਸਕਣਗੇ ਅਤੇ ਇਨ੍ਹਾਂ ਨੂੰ 16 ਜੂਨ ਦੇ ਹਿਸਾਬ ਨਾਲ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਨਹਿਰੀ ਪਾਣੀ ਵੀ ਮਿਲੇਗਾ।
19 ਜੂਨ ਨੂੰ ਤੀਜੇ ਹਿੱਸੇ ‘ਚ ਰੋਪੜ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਝੋਨੇ ਦੀ ਬਿਜਾਈ ਕਰ ਸਕਣਗੇ। ਇਸੇ ਤਰ੍ਹਾਂ ਚੌਥੇ ਹਿੱਸੇ ‘ਚ 21 ਜੂਨ ਤੋਂ 9 ਜ਼ਿਲ੍ਹੇ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ‘ਚ ਝੋਨੇ ਦੀ ਬਿਜਾਈ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੋਟਰਾਂ ਬੰਦ ਕਰਕੇ ਲੋਕ ਝੋਨਾ ਲਾਉਣਗੇ ਕਿਉਂਕਿ ਪੰਜਾਬ ‘ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਸਾਡੇ ਕੋਲ ਡੇਢ ਮਹੀਨੇ ਦਾ ਕੋਲਾ ਪਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੂਸਾ-144 ਬੀਜਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਹ ਫ਼ਸਲ ਪੱਕਣ ‘ਚ 150 ਤੋਂ ਵੱਧ ਦਿਨਾਂ ਦਾ ਸਮਾਂ ਲੱਗਦਾ ਹੈ, ਪਰਾਲੀ ਵੀ ਜ਼ਿਆਦਾ ਹੁੰਦੀ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਲੱਗਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪੀ. ਆਰ.-126 ਬੀਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਸਲ ਨੂੰ ਪਾਣੀ ਵੀ ਘੱਟ ਲੱਗਦਾ ਹੈ ਅਤੇ ਇਸ ਦਾ ਝਾੜ ਵੀ ਬਹੁਤ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਤਾਂ ਫਿਰ ਉਹ ਆਪਣੀਆਂ ਮੋਟਰਾਂ ਬੰਦ ਰੱਖਣ ਕਿਉਂਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਬਿਨਾ ਕੱਦੂ ਕੀਤੇ ਬਿਜਾਈ) ਕਰਨਗੇ, ਉਨ੍ਹਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
ਦਸ ਦਈਏ ਕਿ ਅੱਜ ਸਵੇਰੇ ਹੀ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰਨ ਲਈ ਝੋਨੇ ਦੇ ਸੀਜ਼ਨ ਨਾਲ ਸਬੰਧਤ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹਾਂ ਜਿਸ ਤਹਿਤ ਉਹਨਾਂ ਨੇ ਹੁਣ ਲਾਈਵ ਆਕੇ ਝੋਨੇ ਦੀ ਬਿਜਾਈ ਸਬੰਧੀ ਲਏ ਅਹਿਮ ਫੈਸਲੇ ਦੀ ਜਾਣਕਾਰੀ ਦਿੱਤੀ।