ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਫੈਸਲਾ ਪਹਿਲਾਂ ਹੀ 40 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੇ ਨਿਰਾਸ਼ ਸਿੱਖ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ। ਸੁਖਬੀਰ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਸੱਜਣ ਕੁਮਾਰ ਅਤੇ ਉਸ ਵਰਗੇ ਕੁਝ ਦੋਸ਼ੀਆਂ ਨੂੰ ਛੱਡਕੇ, ਕਈ ਅਜਿਹੇ ਦੋਸ਼ੀ ਜੋ ਸਿੱਖਾਂ ਦੇ ਕਤਲੇਆਮ ‘ਚ ਸ਼ਾਮਲ ਸਨ ਅਤੇ ਕਾਂਗਰਸ ਸਰਕਾਰ ‘ਚ ਵੱਕਾਰੀ ਅਹੁਦਿਆਂ ‘ਤੇ ਬੈਠ ਕੇ ਸੱਤਾ ਦਾ ਆਨੰਦ ਮਾਣ ਰਹੇ ਹਨ, ਉਹ ਅੱਜ ਵੀ ਦਿੱਲੀ ਦੀਆਂ ਸੜਕਾਂ ‘ਤੇ ਘੁੰਮ ਰਹੇ ਹਨ। ਅੱਜ ਵੀ ਉਹ ਸਲਾਖਾਂ ਪਿੱਛੇ ਹੋਣ ਦੀ ਬਜਾਏ ਸਰਕਾਰਾਂ ਦੇ ਮੰਤਰੀ ਮੰਡਲ ਦਾ ਆਨੰਦ ਮਾਣ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਵੀ ਘੇਰ ਲਿਆ ਹੈ, ਜੋ ਕਾਂਗਰਸ ਦੇ ਬਣਾਏ INDIA ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਉਸ ਪਾਰਟੀ ਨਾਲ ਹੱਥ ਮਿਲਾ ਲਿਆ ਹੈ, ਜਿਨ੍ਹਾਂ ਦੇ ਹੱਥ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ। ਸਿੱਖ ਹੁਣ ਉਸ ਤੋਂ ਇਨਸਾਫ਼ ਦਿਵਾਉਣ ਵਿਚ ਕੀ ਮਦਦ ਦੀ ਆਸ ਕਰ ਸਕਦੇ ਹਨ? ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨਸਾਫ਼ ਲਈ ਲਗਾਤਾਰ ਲੜਾਈ ਲੜੀ ਹੈ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਦੀ ਅਗਾਊਂ ਜ਼ਮਾਨਤ, ਜਾਂਚ ਏਜੰਸੀਆਂ ਅਤੇ ਇਸਤਗਾਸਾ ਪੱਖ ਦੀ ਬੇਵਫ਼ਾਈ ਨੂੰ ਦਰਸਾਉਂਦੀ ਹੈ। ਸੁਖਬੀਰ ਨੇ ਕਿਹਾ ਕਿ ਅਸੀਂ ਆਖਰੀ ਕਾਤਲ ਜਾਂ ਉਸ ਦੇ ਸਾਥੀਆਂ ਨੂੰ ਸਜ਼ਾਵਾਂ ਮਿਲਣ ਤੱਕ ਆਰਾਮ ਨਹੀਂ ਕਰਾਂਗੇ।