ਪੰਜਾਬ ਵਿਚ ਹੋਏ ਟੈੱਟ ਪੇਪਰ ਲੀਕ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋ ਬਾਅਦ ਸਖ਼ਤ ਕਾਰਵਾਈ ਹੋ ਚੁੱਕੀ ਹੈ। ਸੀ.ਐਮ.ਮਾਨ ਦੇ ਹੁਕਮਾਂ ਤੋਂ ਬਾਅਦ ਦੋ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਪੇਪਰ ਦੀ ਸੈਟਿੰਗ ਕਰਨ ਵਾਲੇ ਯੂਨੀਵਰਸਿਟੀ ਦੇ ਸਾਰੇ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦਸ ਦਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਹਰਦੀਪ ਸਿੰਘ ਅਤੇ ਪ੍ਰੋਫੈਸਰ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਡਾ. ਰਵਿੰਦਰ ਸਿੰਘ ਸਾਹਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਦਸ ਦਈਏ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਟਵੀਟ ਕਰਕੇ ਟੈਟ ਪੇਪਰ ਲੀਕ ਮਾਮਲੇ ਵਿਚ ਹੋਈਆਂ ਗੜਬੜੀਆਂ ਨੂੰ ਲੈਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਹਨਾਂ ਕਿਹਾ ਸੀ ਕਿ ਪੇਪਰ ਲੀਕ ਹੋਣਾ ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ, ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਹਨ। ਮਾਨ ਨੇ ਆਖਿਆ ਕਿ ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ। ਉਨ੍ਹਾਂ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜਾਹ ਦੇ TET ਦੇ ਪੇਪਰ ‘ਚ ਹੋਈਆਂ ਲਾਪਰਵਾਹੀਆਂ ਤੇ ਗੜਬੜੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।