ਪੰਜਾਬ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਨੂੰ ਅੱਜ ਆਪਣਾ ਰੈਗੂਲਰ ਵਾਈਸ ਚਾਂਸਲਰ ਮਿਲਿਆ ਹੈ। ਡਾ: ਰਾਜੀਵ ਸੂਦ ਨੇ ਸੋਮਵਾਰ ਸਵੇਰੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਛੇਵੇਂ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ। ਦਸ ਦਈਏ ਕਿ ਕਰੀਬ ਇੱਕ ਸਾਲ ਬਾਅਦ ਯੂਨੀਵਰਸਿਟੀ ਦੀ ਇਸ ਪੋਸਟ ‘ਤੇ ਜੁਆਇਨਿੰਗ ਹੋਈ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਵਾਈਸ ਚਾਂਸਲਰ ਡਾ: ਰਾਜੀਵ ਸੂਦ ਬਾਬਾ ਫ਼ਰੀਦ ਟਿੱਲਾ ਪੁੱਜੇ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਮੱਥਾ ਟੇਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਰਾਜੀਵ ਨੇ ਕਿਹਾ ਕਿ ਵਾਈਸ ਚਾਂਸਲਰ ਦਾ ਅਹੁਦਾ ਲੰਬੇ ਸਮੇਂ ਤੋਂ ਖਾਲ੍ਹੀ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ 2 ਮਹੀਨੇ ਦਾ ਕੰਮ ਇੱਕ ਮਹੀਨੇ ਵਿੱਚ ਅਤੇ 6 ਮਹੀਨਿਆਂ ਦਾ ਕੰਮ 6 ਮਹੀਨਿਆਂ ਵਿੱਚ ਕਰਨਾ ਹੋਵੇਗਾ।
ਡਾ: ਰਾਜੀਵ ਨੇ ਕਿਹਾ ਕਿ ਯੂਨੀਵਰਸਿਟੀ ਦਾ ਕੰਮ ਸਮੂਹ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਸਭ ਦੇ ਸਹਿਯੋਗ ਨਾਲ ਜੋ ਵੀ ਸਮੱਸਿਆਵਾਂ ਅਤੇ ਮੰਗਾਂ ਹਨ, ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਪੂਰਾ ਕੀਤਾ ਜਾਵੇਗਾ। ਮੇਰੇ ਕੋਲ 40 ਸਾਲਾਂ ਦਾ ਤਜਰਬਾ ਹੈ। ਪੰਜਾਬ ਸਰਕਾਰ ਦੇ ਨਵੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਪੇਸ਼ੇ ਤੋਂ ਡਾਕਟਰ ਹਨ, ਅਜਿਹੇ ‘ਚ ਉਨ੍ਹਾਂ ਦਾ ਤਜਰਬਾ ਵੀ ਕਾਫੀ ਲਾਹੇਵੰਦ ਹੋਵੇਗਾ। ਡਾ: ਸੂਦ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਨਾਲ ਜੁੜੀ ਧਰਤੀ ‘ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਦੱਸ ਦੇਈਏ ਕਿ ਪਿਛਲੇ ਸਾਲ ਸਿਹਤ ਮੰਤਰੀ ਦਾ ਮੰਤਰਾਲੇ ਸੰਭਾਲ ਰਹੇ ਚੇਤਨ ਸਿੰਘ ਜੋੜਾਮਾਜਰਾ ਨਾਲ ਹੋਏ ਵਿਵਾਦ ਤੋਂ ਬਾਅਦ ਜੁਲਾਈ ਵਿੱਚ ਸਰਜਨ ਡਾਕਟਰ ਰਾਜ ਬਹਾਦਰ ਨੇ ਅਸਤੀਫੇ ਦੇ ਦਿੱਤਾ ਸੀ ਜਿਸ ਤੋਂ ਬਾਅਦ ਵੀਸੀ ਦਾ ਅਹੁਦਾ ਖਾਲ੍ਹੀ ਹੋ ਗਿਆ ਸੀ।
ਅਹੁਦਾ ਸੰਭਾਲਦੇ ਹੀ ਨਵੇਂ ਵਾਈਸ ਚਾਂਸਲਰ ਦੇ ਸਿਰ ‘ਤੇ ਮੁਸ਼ਕਿਲਾਂ ਦਾ ਬੋਝ ਪੈ ਗਿਆ ਹੈ ਕਿਉਂਕਿ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਮੁਲਾਜ਼ਮਾਂ ਦੀਆਂ ਮੰਗਾਂ, ਮੈਡੀਕਲ ਕਾਲਜ ਦੀ ਖਸਤਾ ਹਾਲਤ ਸੁਧਾਰਨਾ, ਡਾਕਟਰਾਂ ਦੀ ਘਾਟ, ਚੋਟੀ ਦੇ ਡਾਕਟਰਾਂ ਦਾ ਪਲਾਇਨ ਰੋਕਣਾ, ਆਰਥਿਕ ਮੰਦਹਾਲੀ, ਧੜੇਬੰਦੀ ਆਦਿ ਵਰਗੀਆਂ ਕਈ ਵੱਡੀਆਂ ਸਮੱਸਿਆਵਾਂ ਉਹਨਾਂ ਸਾਹਮਣੇ ਖੜ੍ਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਨਾਲ ਨਜਿੱਠਣਾ ਇਕ ਵੱਡੀ ਚੁਣੌਤੀ ਹੈ।