ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਨਾਇਕ’ ਤਾਂ ਤੁਸ਼ੀ ਜ਼ਰੂਰ ਵੇਖੀ ਹੋਵੇਗੀ ਜਿਸਦੇ ਵਿਚ ਰਿਪੋਰਟ ਦਾ ਰੋਲ ਅਦਾ ਕਰ ਰਹੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਨੂੰ ਇਕ ਦਿਨ ਲਈ ਸੂਬੇ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਿਲਦਾ-ਜੁਲਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਵਲੋਂ ਦਸਵੀਂ ਜਮਾਤ ਦੀ 15 ਸਾਲਾਂ ਵਿਦਿਆਰਥਣ ਮਹਿਫੂਜਾ ਨੂੰ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਅੱਜ 15 ਸਾਲ ਦੀ ਮਹਿਫ਼ੂਜ਼ਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸੇ ਤਰ੍ਹਾਂ ਹੀ ਮਹਿਫੂਜ਼ਾ ਨੇ ਐਸਐਸਪੀ ਦੀ ਕੁਰਸੀ ‘ਤੇ ਬੈਠ ਕੇ ਪੁਲਿਸ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੀ ਬੱਚੀ ਨੂੰ ਦੇਖ ਕੇ ਪਿੰਡ ਇੰਦਰਪੁਰਾ ਦੇ ਰਹਿਣ ਵਾਲੇ ਮਹਿਫੂਜ਼ਾ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਅਸਲ ਵਿੱਚ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਸਕੂਲ ਫੇਰੀ ਦੌਰਾਨ ਮਹਿਫੂਜ਼ਾ ਨੇ ਆਈਏਐਸ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ‘ਤੇ ਮੁੱਖ ਮੰਤਰੀ ਨੇ ਡੀਸੀ ਤੇ ਐੱਸਐੱਸਪੀ ਨੂੰ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਲਈ ਇਕ ਦਿਨ ਉਨ੍ਹਾਂ ਦੀਆਂ ਕੁਰਸੀਆਂ ‘ਤੇ ਬਿਠਾ ਕੇ ਸਾਰੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਸੀ। ਇਸੇ ‘ਤੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਅਮਲ ਕੀਤਾ ਗਿਆ ਹੈ। ਵਿਦਿਆਰਥਣ ਮਹਿਫੂਜ਼ਾ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਤੇ ਰਿਕਾਰਡ ਰੂਮ ਦਾ ਨਿਰੀਖਣ ਕੀਤਾ। ਇੰਦਰਪੁਰਾ ਦੇ ਵਸਨੀਕ ਵਿਿਦਆਰਥਣ ਦੇ ਪਿਤਾ ਮੱਖਣ ਖਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ (ਟੀਮ ਪਟਿਆਲਾ) ਵਲੋਂ ਸ਼ੁਰੂ ਕੀਤੇ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਤਹਿਤ ਹਰ ਮਹੀਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਿਕ ਤੇ ਉਨ੍ਹਾਂ ਦੇ ਰੋਲ ਮਾਡਲ ਵਿਭਾਗਾਂ ਨਾਲ ਜੋੜਿਆ ਜਾਵੇਗਾ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਜ਼ਿੰਦਗੀ ‘ਚ ਅੱਗੇ ਵਧਣ ਦੀ ਪ੍ਰੇਰਨਾ ਮਿਲ ਸਕੇ ਅਤੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ।