ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਆਪਣੀ ਸੰਗਤ ਅਤੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਉਸਨੇ ਸਿਆਸੀ ਵਿੰਗ ਨੂੰ ਭੰਗ ਕਰਨ ਦਾ ਅਹਿਮ ਫੈਸਲਾ ਲਿਆ ਹੈ। ਇਸ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2006 ਦੇ ਵਿਚ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੇਰਾ, ਸਮਾਜ ਸੇਵਾ ਦੇ ਕੰਮਾਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ, ਇਸ ਲਈ ਉਹਨਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਅੰਦਰ ਖ਼ਾਤੇ ਭਾਵੇਂ ਹੀ ਕਿਸੇ ਵੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ ਪਰ ਹੁਣ ਡੇਰਾ ਸੱਚਾ ਸੌਦਾ ਕਿਸੇ ਪਾਰਟੀ ਨੂੰ ਖੁੱਲ ਕੇ ਸਮਰਥਨ ਦਿੰਦਾ ਨਜ਼ਰ ਨਹੀਂ ਆਵੇਗਾ। ਦੱਸ ਦੇਈਏ ਕਿ ਹਰ ਕਿਸੇ ਡੇਰੇ ਦਾ ਸਿਆਸੀ ਵਿੰਗ ਹੁੰਦਾ ਹੈ, ਚਾਹੇ ਉਹ ਕਿਸੇ ਤਰੀਕੇ ਦਾ ਕੋਈ ਵੀ ਡੇਰਾ ਹੋਵੇ। ਰਾਮ ਰਹੀਮ ਨੇ ਸਿਆਸੀ ਵਿੰਗ ਖ਼ਤਮ ਕਰ ਦਿੱਤਾ। ਮਤਲਬ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਵਲੋਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ।
ਚੋਣਾਂ ਦੌਰਾਨ ਅਕਸਰ ਵੇਖਿਆ ਜਾਂਦਾ ਹੈ ਕਿ ਡੇਰਾ ਕਿਸ ਨੂੰ ਸਮਰਥਨ ਦੇਵੇਗਾ? ਫ਼ਿਲਹਾਲ ਹੁਣ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹਨ, ਜਿਸ ਨੂੰ ਵੇਖਦੇ ਹੋਏ ਡੇਰਾ ਸੱਚਾ ਸੌਦਾ ਵਲੋਂ ਸਿਆਸੀ ਵਿੰਗ ਭੰਗ ਕਰ ਦਿੱਤਾ ਗਿਆ ਹੈ। ਹੁਣ ਖੁੱਲ੍ਹੇ ਤੌਰ ‘ਤੇ ਕਿਸੇ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਾਲ ਹੀ ‘ਚ ਦੋ ਵਾਰ ਪੈਰੋਲ ਮਿਲੀ ਸੀ, ਇਸ ਦੇ ਪਿੱਛੇ ਵੀ ਸਿਆਸਤ ਮੰਨੀ ਜਾ ਰਹੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।