ਬਲਾਤਕਾਰ ਅਤੇ ਕਤਲ ਮਾਮਲੇ ਵਿਚ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਰਾਤ ਮੁੜ ਤੋਂ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੇ ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਰਾਹੀਂ 40 ਦਿਨ ਦੀ ਪੈਰੋਲ ਦੀ ਮੰਗ ਕੀਤੀ ਸੀ, ਜਿਸ ‘ਤੇ ਮਨਜ਼ੂਰੀ ਮਿਲ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਦੱਸਿਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਇਹ ਪੈਰੋਲ ਨਿਯਮਾਂ ਅਨੁਸਾਰ ਦਿੱਤੀ ਗਈ ਹੈ। ਰਾਮ ਰਹੀਮ ਨੇ ਇਹ ਪੈਰੋਲ 25 ਜਨਵਰੀ ਦੇ ਮੱਦੇਨਜ਼ਰ ਮੰਗੀ ਹੈ। ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਵਿੱਚ ਡੇਰਾ ਮੁਖੀ ਨੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਸ਼ਾਮਲ ਹੋਣ ਅਤੇ ਡੇਰੇ ਵਿੱਚ ਰਹਿਣ ਦੀ ਮਨਜੂਰੀ ਦੇਣ ਦੀ ਇੱਛਾ ਪ੍ਰਗਟਾਈ ਹੈ। ਡੇਰੇ ਵਿੱਚ ਇਸ ਦਿਨ ਭੰਡਾਰਾ ਅਤੇ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ। ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਡੇਰੇ ਵਿੱਚ ਉਤਸ਼ਾਹ ਹੈ ਅਤੇ ਸਾਰੇ ਰਸਤਿਆਂ ਨੂੰ ਸਜ਼ਾਵਟ ਕੀਤੀ ਜਾ ਰਹੀ ਹੈ।
ਕਾਬਲੇਗੌਰ ਹੈ ਕਿ ਡੇਰਾ ਮੁਖੀ ਦੀ ਆਖਰੀ 40 ਦਿਨਾਂ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋ ਗਈ ਸੀ। ਉਹ 14 ਅਕਤੂਬਰ ਨੂੰ ਰਿਹਾਈ ਤੋਂ ਬਾਅਦ ਉੱਤਰ ਪ੍ਰਦੇਸ਼ ਸਥਿਤ ਆਪਣੇ ਬਰਨਾਵਾ ਆਸ਼ਰਮ ਗਿਆ ਸੀ । ਇਸ ਤੋਂ ਪਹਿਲਾ ਵੀ ਅਕਤੂਬਰ-ਨਵੰਬਰ ਵਿੱਚ ਆਪਣੀ ਪਿਛਲੀ ਪੈਰੋਲ ਮਿਆਦ ਦੇ ਦੌਰਾਨ ਸਿਰਸਾ ਡੇਰਾ ਮੁਖੀ ਨੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਕਈ ਆਨਲਾਈਨ ‘ਸਤਿਸੰਗ’ ਕੀਤੇ। ਇਨ੍ਹਾਂ ਵਿੱਚੋਂ ਕੁਝ ਹਰਿਆਣਾ ਦੇ ਭਾਜਪਾ ਆਗੂ ਵੀ ਸ਼ਾਮਲ ਹੋਏ ਸਨ।