ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇਲੰਗਾਨਾ ਵਿਖੇ ਪਹੁੰਚੇ। ਜਿਥੇ ਉਹਨਾਂ ਵਲੋਂ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਵੀ ਮੌਜੂਦ ਸਨ। ਇਸ ਦਰਮਿਆਨ ਉਹਨਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲਈ ਹੈ। ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੱਗੇ ਹੋਏ ਹਾਂ। ਨਵੀਂ ਤਕਨੀਕ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕਰਨ ਆਏ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ‘ਚ ਛੋਟੇ-ਛੋਟੇ ਡੈਮ ਬਣਾਏ ਗਏ ਹਨ। ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ।
ਮੁੱਖ ਮੰਤਰੀ ਨੇ ਇਕ ਸਮਾਗਮ ਵਿਚ ਵੀ ਕਿਹਾ ਸੀ ਕਿ ਤੇਲੰਗਾਨਾ ਵਾਲਿਆਂ ਨੇ ਪਿੰਡਾਂ ਦੇ ਟੋਬਿਆਂ ਨੂੰ ਡੂੰਘੇ ਕਰ ਕੇ ਉਨ੍ਹਾਂ ‘ਤੇ ਛੋਟੇ-ਛੋਟੇ ਡੈਮ ਬਣਾ ਦਿੱਤੇ। ਉਹ ਭਰ ਜਾਂਦੇ ਹਨ ਅਤੇ ਡੈਮ ਰਾਹੀਂ ਹੇਠਾਂ ਮੋਟਰਾਂ ਲਾ ਕੇ ਸਾਰੇ ਪਿੰਡਾਂ ਅਤੇ ਫ਼ਸਲਾਂ ਨੂੰ ਪਾਣੀ ਦਿੰਦੇ ਹਨ। ਤੇਲੰਗਾਨਾ ਦਾ ਧਰਤੀ ਵਾਲਾ 2 ਮੀਟਰ ਪਾਣੀ ਉੱਪਰ ਆ ਗਿਆ ਹੈ। ਇਸ ਨਾਲ ਟੋਬਿਆਂ ਤੋਂ ਪੰਜਾਬ ਦਾ ਖਹਿੜਾ ਛੁੱਟੇਗਾ। ਉਹਨਾਂ ਕਿਹਾ ਕਿ ਮੀਂਹ ਪੈਣ ‘ਤੇ ਪਾਣੀ ਘਰਾਂ ਤੇ ਖੇਤਾਂ ‘ਚ ਦਾਖ਼ਲ ਹੋ ਜਾਂਦਾ ਹੈ। ਸਾਡੇ ਪਿੰਡਾਂ ‘ਚ ਸਭ ਤੋਂ ਵੱਡੀ ਸਮੱਸਿਆ ਟੋਬਿਆਂ ਦੀ ਹੈ।