ਦਿੱਲੀ ਆਬਕਾਰੀ ਨੀਤੀ ਘੁਟਾਲੇ ‘ਤੇ ਵੱਡੀ ਕਾਰਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਹੈ। ਇਥੇ ਦਸਣਯੋਗ ਹੈ ਕਿ ਗੌਤਮ ਮਲਹੋਤਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਦੇ ਪੁੱਤਰ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ 2021-22 ਦੀ ਚੱਲ ਰਹੀ ਜਾਂਚ ਦੇ ਸਿਲਸਿਲੇ ‘ਚ ਵਪਾਰੀ ਗੌਤਮ ਮਲਹੋਤਰਾ ਨੂੰ ਮਨੀ ਲਾਂਡਰਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਈ.ਡੀ. ਦੇ ਅਧਿਕਾਰੀਆਂ ਨੇ ਮਾਮਲੇ ‘ਚ ਪੁੱਛ-ਗਿੱਛ ਤੋਂ ਬਾਅਦ ਵਪਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ, “ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ।” ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਵਪਾਰੀ ‘ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਕਾਰਟਲਾਈਜੇਸ਼ਨ (Cartelisation) ਦਾ ਦੋਸ਼ ਹੈ। ਇਹ ਵੀ ਦਸਣਯੋਗ ਹੈ ਕਿ ਪਿਛਲੇ 2 ਦਿਨਾਂ ‘ਚ ਇਸ ਮਾਮਲੇ ‘ਚ ਇਹ ਦੂਜੀ ਗ੍ਰਿਫ਼ਤਾਰੀ ਹੈ। ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਹੈਦਰਾਬਾਦ ਦੇ ਇਕ ਚਾਰਟਰਡ ਅਕਾਊਂਟੈਂਟ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਸ ਨੂੰ ਬੀ.ਆਰ.ਐੱਸ. ਐੱਮ.ਐੱਲ.ਸੀ. ਦੇ ਕਵਿਤਾ ਦਾ ਆਡਿਟਰ ਸਮਝਿਆ ਜਾਂਦਾ ਹੈ। ਏਜੰਸੀ, ਗੌਤਮ ਨੂੰ ਬਾਅਦ ‘ਚ ਇਕ ਵਿਸ਼ੇਸ਼ ਅਦਾਲਤ ‘ਚ ਪੇਸ਼ ਕਰ ਸਕਦੀ ਹੈ ਅਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਲਈ ਉਨ੍ਹਾਂ ਦੀ ਹਿਰਾਸਤ ਦੀ ਮੰਗ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2022 ਵਿੱਚ, ਈਡੀ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ, ਦੀਪ ਮਲਹੋਤਰਾ ਨਾਲ ਜੁੜੇ ਦੋ ਟਿਕਾਣਿਆਂ ਸਮੇਤ ਪੰਜਾਬ ਵਿੱਚ ਚਾਰ ਥਾਵਾਂ ‘ਤੇ ਛਾਪੇ ਮਾਰੇ। ਇਹ ਛਾਪੇ ਪੰਜਾਬ ਦੇ ਫਰੀਦਕੋਟ ਵਿੱਚ ਦੋ ਅਤੇ ਲੁਧਿਆਣਾ ਅਤੇ ਮਾਨਸਾ ਵਿੱਚ ਇੱਕ-ਇੱਕ ਥਾਵਾਂ ’ਤੇ ਮਾਰੇ ਗਏ। ਮਲਹੋਤਰਾ ਨਾਲ ਜੁੜੇ ਦੋਵੇਂ ਅੱਡੇ ਫਰੀਦਕੋਟ ਵਿਖੇ ਸਨ।