ਮੰਗਲਵਾਰ ਨੂੰ ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ‘ਚ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਉਹਨਾਂ ਵਲੋਂ ਪਾਣੀ ਅਤੇ ਵਾਤਾਵਰਣ ਸਣੇ ਕਈ ਮੁੱਦਿਆ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਕਿਸਾਨ ਆਗੂਆਂ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਥੇ ਉਹਨਾਂ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਾਣੀ ਅਤੇ ਵਾਤਾਵਰਣ ਦੇ ਨਾਲ-ਨਾਲ ਹੋਰ ਕਈ ਮੁੱਦਿਆਂ ਨੂੰ ਲੈਕੇ 13 ਮਾਰਚ ਨੂੰ ਦਿੱਲੀ ‘ਚ ਪਾਰਲੀਮੈਂਟ ਵੱਲ ਰਵਾਨਾ ਹੋਵਾਂਗੇ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਗ਼ੈਰ-ਸੰਵਿਧਾਨਕ ਸਮਝੌਤਿਆਂ ਜ਼ਰੀਏ ਹੋ ਰਹੀ ਲੁੱਟ, ਰਾਜ ਵਿਚ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਹੋ ਰਹੇ ਪੰਜਾਬੀਆਂ ਦੇ ਨੁਕਸਾਨ ਰੋਕਣ ਸਮੇਤ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਸਰਕਾਰ ਵਲੋਂ ਮੰਨ ਲਈਆਂ ਗਈਆਂ ਮੰਗਾਂ ਦੇ ਹਾਲੇ ਵੀ ਪੈਂਡਿੰਗ ਪਏ ਰਹਿਣ ਦੇ ਮੁੱਦੇ ’ਤੇ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਮੰਗਾਂ ਅਤੇ ਹੋਰ ਕਿਸਾਨੀ ਮੁੱਦਿਆਂ ਦੇ ਸੰਬੰਧ ਵਿਚ ਕਿਸਾਨ ਸੰਗਠਨ 13 ਮਾਰਚ ਨੂੰ ਦਿੱਲੀ ਵਿਚ ਸੰਸਦ ਮਾਰਚ ਕਰਨਗੇ ਅਤੇ ਪ੍ਰਧਾਨ ਮੰਤਰੀ ਤੱਕ ਆਪਣਾ ਮੰਗ-ਪੱਤਰ ਪਹੁੰਚਾਉਣਗੇ।