ਦਿੱਲੀ ਦੇ ਮੇਅਰ ਦੀ ਅੱਜ ਚੋਣ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਦਿੱਲੀ ਦੀ ਨਵੀਂ ਮੇਅਰ ਬਣ ਗਈ ਹੈ। ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਅੰਤਰ ਨਾਲ ਹਰਾਇਆ। ‘ਆਪ’ ਦੀ ਵੱਡੀ ਜਿੱਤ ਤੋਂ ਬਾਅਦ ‘ਆਪ’ ਵਰਕਰਾਂ ‘ਚ ਕਾਫੀ ਖ਼ੁਸ਼ੀ ਪਾਈ ਜਾ ਰਹੀ ਹੈ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਜਿਥੇ ਸ਼ੈਲੀ ਓਬਰਾਏ ਨੂੰ ਵਧਾਈ ਦਿੱਤੀ, ਉਥੇ ਹੀ ਉਹਨਾਂ ਨੇ ਵਿਰੋਧੀਆਂ ’ਤੇ ਵੀ ਨਿਸ਼ਾਨਾ ਸਾਧਿਆ ਹੈ। ਉਹਨਾਂ ਲਿਖਿਆ, “ ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਅੱਜ ਦਿੱਲੀ ਨਗਰ ਨਿਗਮ ਵਿੱਚ ਦਿੱਲੀ ਦੇ ਲੋਕਾਂ ਦੀ ਜਿੱਤ ਹੋਈ ਅਤੇ ਗੁੰਡਾਗਰਦੀ ਦੀ ਹਾਰ ਹੋਈ। ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ ‘ਤੇ ਦਿੱਲੀ ਵਾਸੀਆਂ ਨੂੰ ਵਧਾਈ।
ਦਸ ਦਈਏ ਕਿ ‘ਆਪ’ ਉਮੀਦਵਾਰ ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦਕਿ ਭਾਜਪਾ ਦੀ ਰੇਖਾ ਗੁਪਤਾ ਨੂੰ ਕੁੱਲ 266 ਵੋਟਾਂ ‘ਚੋਂ 116 ਵੋਟ ਮਿਲੇ। ਦਿੱਲੀ ਨੂੰ ਚੌਥੀ ਕੋਸ਼ਿਸ਼ ‘ਚ ਮੇਅਰ ਮਿਲਿਆ, ਕਿਉਂਕਿ ਨਾਮਜ਼ਦ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਦਿੱਤੇ ਜਾਣ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਪਹਿਲਾਂ ਵਾਲੀ ਚੋਣ ਠੱਪ ਹੋ ਗਈ ਸੀ। ਪਿਛਲੇ ਹਫ਼ਤੇ, ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮੇਅਰ ਚੋਣ ਕਰਵਾਉਣ ਲਈ ਨਗਰਪਾਲਿਕਾ ਸਦਨ ਬੁਲਾਉਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਸੀ।