ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੱਕ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦਿੱਲੀ-ਐੱਨ.ਸੀ.ਆਰ. ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਦਿੱਲੀ ਸਪੈਸ਼ਲ ਸੈੱਲ ਟੀਮ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੀ ਮਦਦ ਨਾਲ ਇਕ ਕਾਰਵਾਈ ਕੀਤੀ ਹੈ।
ਇੱਕ ਅਧਿਕਾਰੀ ਨੇ ਕਿਹਾ, “ਗੈਂਗਸਟਰ ਨੂੰ ਇੱਕ-ਦੋ ਦਿਨਾਂ ਵਿੱਚ ਭਾਰਤ ਲਿਆਂਦਾ ਜਾਵੇਗਾ। ਉਹ ਦਿੱਲੀ-ਐੱਨ.ਸੀ.ਆਰ. ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਹੈ, ਜੋ ਜਾਅਲੀ ਪਾਸਪੋਰਟ ‘ਤੇ ਦੇਸ਼ ਤੋਂ ਭੱਜ ਗਏ ਸਨ।” ਪੁਲਸ ਨੂੰ ਸ਼ੱਕ ਹੈ ਕਿ ਬਾਕਸਰ ਪਿਛਲੇ ਸਾਲ ਦਸੰਬਰ ਜਾਂ ਜਨਵਰੀ ਵਿਚ ਮੈਕਸੀਕੋ ਗਿਆ ਸੀ। ਜਾਂਚਕਰਤਾਵਾਂ ਨੇ ਇੱਕ ਪਾਸਪੋਰਟ ਪ੍ਰਾਪਤ ਕੀਤਾ, ਜਿਸ ‘ਤੇ ਬਾਕਸਰ ਦੀ ਫੋਟੋ ਸੀ, ਪਰ ਇਸਨੂੰ ਵੱਖਰੇ ਨਾਮ ਨਾਲ ਜਾਰੀ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਪਾਸਪੋਰਟ ਧਾਰਕ ਨੇ ਕੋਲਕਾਤਾ ਤੋਂ ਫਲਾਈਟ ਲਈ ਸੀ।
ਇਹ ਫਰਜ਼ੀ ਪਾਸਪੋਰਟ ਮੁਰਾਦਾਬਾਦ ਦੇ ਰਵੀ ਅੰਤਿਲ ਦੇ ਨਾਂ ‘ਤੇ ਬਣਿਆ ਸੀ ਅਤੇ 29 ਜਨਵਰੀ ਨੂੰ ਉਸ ਨੇ ਕੋਲਕਾਤਾ ਤੋਂ ਮੈਕਸੀਕੋ ਲਈ ਉਡਾਣ ਭਰੀ ਸੀ। ਬਾਕਸਰ ਦਿੱਲੀ ਦੇ ਸਿਵਲ ਲਾਈਨ ਇਲਾਕੇ ਦੇ ਅਮਿਤ ਗੁਪਤਾ ਨਾਂ ਦੇ ਬਿਲਡਰ ਦੀ ਭਾਲ ‘ਚ ਸੀ। ਸਤੰਬਰ 2022 ਵਿੱਚ ਫੇਸਬੁੱਕ ‘ਤੇ ਬਾਕਸਰ ਨੇ ਬਿਲਡਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ, ਅਗਸਤ 2022 ਨੂੰ ਗੁਪਤਾ ਨੂੰ ਦਿੱਲੀ ਦੇ ਬੁਰਾੜੀ ਖੇਤਰ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਈ ਵਾਰ ਗੋਲੀ ਮਾਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਬਦਨਾਮ ਗੋਗੀ ਗੈਂਗ ਦਾ ਹਿੱਸਾ ਰਿਹਾ ਬਾਕਸਰ ਉਦੋਂ ਤੋਂ ਹੀ ਫਰਾਰ ਸੀ। ਗੁਪਤਾ ਦੀ ਹੱਤਿਆ ਦੀ ਆਪਣੀ ਜਾਂਚ ਦੌਰਾਨ, ਦਿੱਲੀ ਪੁਲਸ ਨੇ ਕਿਹਾ ਕਿ ਇਹ ਜਬਰਦਸਤੀ ਅਤੇ ਕਤਲ ਦਾ ਪਹਿਲਾ ਮਾਮਲਾ ਸੀ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਗਿਰੋਹ ਨੂੰ ਚਲਾਉਣ ਵਾਲੇ ਦੀਪਕ ਬਾਕਸਰ ਨੇ ਫੇਸਬੁੱਕ ‘ਤੇ ਦਾਅਵਾ ਕੀਤਾ ਸੀ ਕਿ ਉਸ ਨੇ ਦਿੱਲੀ ਦੇ ਬਿਲਡਰ ਦਾ ਕਤਲ ਕੀਤਾ ਅਤੇ ਕਤਲ ਦਾ ਮਕਸਦ ਜਬਰੀ ਵਸੂਲੀ ਨਹੀਂ, ਸਗੋਂ ਬਦਲਾ ਲੈਣਾ ਸੀ। ਅੱਗੇ ਆਪਣੀ ਫੇਸਬੁੱਕ ਪੋਸਟ ਵਿੱਚ, ਬਾਕਸਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਬਿਲਡਰ ਗੋਗੀ ਗੈਂਗ ਦੇ ਜਾਣੇ-ਪਛਾਣੇ ਦੁਸ਼ਮਣ ਟਿੱਲੂ ਤਾਜਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਅਸਲ ਵਿੱਚ ਉਹ ਉਸ ਗਿਰੋਹ ਦਾ ਫਾਈਨਾਂਸਰ ਸੀ। ਗੈਂਗਸਟਰ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਕਿ ਵਿਰੋਧੀ ਗੈਂਗ ਨਾਲ ਸਬੰਧ ਹੋਣ ਕਾਰਨ ਉਸਨੂੰ ਮਾਰਿਆ ਗਿਆ ਸੀ। ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਕਿ ਗੋਗੀ ਗਿਰੋਹ ਦਾ ਮੁੱਖ ਮੈਂਬਰ ਕੁਲਦੀਪ ਉਰਫ਼ ਫੱਜਾ, ਜੋ ਸਪੈਸ਼ਲ ਸੈੱਲ ਨਾਲ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ ਅਤੇ ਇਹ ਗੁਪਤਾ ਹੀ ਸੀ ਜਿਸ ਨੇ ਉਸ ਦੇ ਠਿਕਾਣਿਆਂ ਬਾਰੇ ਸੂਹ ਦਿੱਤੀ ਸੀ। ਰਿਪੋਰਟਾਂ ਮੁਤਾਬਕ ਰੋਹਿਣੀ ਕੋਰਟ ‘ਚ ਗੈਂਗਸਟਰ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦੀਪਕ ਬਾਕਸਰ ਗੋਗੀ ਗੈਂਗ ਦੀ ਅਗਵਾਈ ਕਰ ਰਿਹਾ ਸੀ। ਗਨੌਰ ਦੇ ਰਹਿਣ ਵਾਲੇ ਬਾਕਸਰ ‘ਤੇ 3 ਲੱਖ ਦਾ ਇਨਾਮ ਸੀ।