ਮਨੀਪੁਰ ਹਿੰਸਾ ਵਿਚਕਾਰ ਹਾਲ ਹੀ ਵਿਚ ਵਾਪਰੀ ਘਟਨਾ ਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੋ ਭਾਈਚਾਰਿਆਂ ਦੀ ਲੜਾਈ ‘ਚ ਮਹਿਲਾਵਾਂ ਨੂੰ ਇਸ ਤਰ੍ਹਾਂ ਪੀਸਿਆ ਗਿਆ ਜਿਵੇਂ ਕੋਈ ਸਾਮਾਨ ਹੋਵੇ। 2 ਔਰਤਾਂ ਤੋਂ ਕਰਵਾਈ ਨਗਨ ਪਰੇਡ ਦੀ ਵੀਡੀਓ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂ ਅਤੇ ਹੋਰ ਕਲਾਕਾਰ ਇਸ ਘਟਨਾ ‘ਤੇ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਇਸ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਘਟਨਾ ਨੇ ਦੇਸ਼ ਦੀ ਆਬਰੂ ਤੇ ਇਜ਼ੱਤ ਨੂੰ ਮਿੱਟੀ ‘ਚ ਰੋਲ ਕੇ ਰੱਖ ਦਿੱਤਾ ਹੈ। ਇਸਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਨੀਪੁਰ ਸਰਕਾਰ ‘ਤੇ ਵੀ ਕਈ ਸਵਾਲ ਖੜੇ ਕੀਤੇ।
ਵੀਡੀਓ ਦੇ ਕੈਪਸ਼ਨ ਵਿਚ ਉਹਨਾਂ ਲਿਖਿਆ ਕਿ ਮਨੀਪੁਰ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਹ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਹੈ। ਹਿੰਸਕ ਘਟਨਾਵਾਂ ਦੌਰਾਨ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨਾ ਸਭ ਤੋਂ ਵੱਧ ਨਿੰਦਣਯੋਗ ਕਾਰਾ ਹੈ। ਮਨੀਪੁਰ ਦੀ ਘਟਨਾ ਨੇ ਬਹੁਤ ਜਿਆਦਾ ਮਨ ਨੂੰ ਬੇਚੈਨ ਤੇ ਪ੍ਰੇਸ਼ਾਨ ਕੀਤਾ ਹੈ। ਇਸ ਘਟਨਾ ਦੀ ਨਿੰਦਿਆ ਕਰਨ ਲਈ ਦੁਨੀਆ ਭਰ ਦੀਆ ਭਾਸ਼ਾਵਾਂ ਦੇ ਸ਼ਬਦ ਥੁੜ ਜਾਂਦੇ ਹਨ।