ਮਾਨਸਾ: ਜਿਥੇ ਇਕ ਪਾਸੇ ਆਏ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਜ਼ਾਰਾਂ ਪ੍ਰਸੰਸਕ ਸਿੱਧੂ ਦੀ ਹਵੇਲੀ ’ਤੇ ਆਉਂਦੇ ਹਨ ਓਥੇ ਹੀ ਇਕ ਫ਼ੈਨ ਜਿਸ ਦਾ ਨਾਂ ਫਤਹਿ ਸਿੰਘ ਹੈ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਕੇ ਮਾਤਾ-ਪਿਤਾ ਨੂੰ ਭਾਵੁਕ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਇਸ ਫੈਨ ਨੇ ਆਪਣੀ ਪਿੱਠ ਉਪਰ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ ਜਿਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਭਾਵੁਕ ਹੋ ਗਏ ਅਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਫੈਨ ਨੂੰ ਵੇਖ ਕੇ ਘੁੱਟ ਕੇ ਗਲੇ ਲਾਇਆ ਤੇ ਉਸ ਨੂੰ ਜੱਫੀ ਪਾਉਂਦਿਆਂ ਹੌਂਸਲਾ ਦਿੱਤਾ। ਇਸ ਦਰਮਿਆਨ ਫਤਹਿ ਸਿੰਘ ਖ਼ੁਦ ਵੀ ਰੌਂਦਾ ਹੋਇਆ ਵਿਖਾਈ ਦਿੱਤਾ ਹੈ। ਜਦੋਂ ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਤਾਂ ਫਿਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਫਤਹਿ ਸਿੰਘ ਨੂੰ ਸਿੱਧੂ ਮੂਸੇਵਾਲਾਦੇ ਕਪੜੇ ਦੇ ਦਿੱਤੇ ਜਿਸ ਨਾਲ ਮੂਸੇਵਾਲੇ ਦਾ ਫੈਨ ਫਤੇ ਸਿੰਘ ਭਾਵੁਕ ਹੋ ਗਿਆ ਅਤੇ ਬਹੁਤ ਜਿਆਦਾ ਖੁਸ਼ ਵੀ ਹੋਇਆ ਅਤੇ ਉਸ ਨੇ ਕਿਹਾ ਕਿ ਅੱਜ ਉਸ ਦਾ ਇਕ ਸੁਪਨਾ ਪੂਰਾ ਹੋ ਗਿਆ ਹੈ।
ਫੈਨ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ ਪਰ ਉਸ ਨੇ ਸਿੱਧੂ ਮੁਸੇਵਾਲਾ ਦਾ ਟੈਟੂ ਆਪਣੀ ਪਿੱਠ ਦੇ ਉਪਰ ਬਣਵਾਇਆ ਹੈ ਜਿਸ ’ਤੇ ਲਗਭਗ 80 ਹਜ਼ਾਰ ਰੁਪਏ ਦਾ ਖਰਚਾ ਆਇਆ ਅਤੇ ਇਹ ਸਾਰਾ ਖਰਚਾ ਉਸ ਦੇ ਦੋਸਤਾਂ ਨੇ ਕੀਤਾ ਹੈ ਉਸ ਦਾ ਸੁਪਨਾ ਸੀ ਕਿ ਉਹ ਇਕ ਵਾਰ ਹਵੇਲੀ ਆਵੇ ਤੇ ਸਿੱਧੂ ਦੇ ਮਾਤਾ-ਪਿਤਾ ਨੂੰ ਮਿਲੇ ਅਤੇ ਅੱਜ ਜਦੋਂ ਉਹ ਹਵੇਲੀ ਆਇਆ ਤਾਂ ਉਸ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਬਹੁਤ ਭਾਵੁਕ ਹੋ ਗਏ ਉੱਥੇ ਹੀ ਸਿੱਧੂ ਦੇ ਮਾਪਿਆਂ ਨੇ ਸਿੱਧੂ ਦੀ ਟੀ-ਸ਼ਰਟ, ਇਕ ਸ਼ਰਟ ਤੇ ਸਿੱਧੂ ਦੇ ਪਾਏ ਹੋਏ ਬੂਟ ਫ਼ੈਨ ਫਤਹਿ ਸਿੰਘ ਨੂੰ ਗਿਫ਼ਟ ਕੀਤੇ ਜਿਸ ਤੋਂ ਬਾਅਦ ਫਤਹਿ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਦੱਸਿਆ ਕਿ ਉਹ ਪਹਿਲਾਂ ਟੋਪੀ ਪਾਉਂਦਾ ਹੁੰਦਾ ਸੀ ਪਰ ਸਿੱਧੂ ਦੇ ਗਾਣੇ ਸੁਣ ਕੇ ਉਸ ਨੇ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਸਾਲ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕੀਤਾ ਗਿਆ। ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਸੀ। ਹਾਲਾਂਕਿ ਇਸ ਮਾਮਲੇ ‘ਚ ਗੋਲਡੀ ਬਰਾੜ ਨੂੰ ਵਿਦੇਸ਼ ‘ਚ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਹਾਲੇ ਤੱਕ ਉਸ ਨੂੰ ਭਾਰਤ ਨਹੀਂ ਲਿਆਂਦਾ ਗਿਆ ਹੈ। ਸਿੱਧੂ ਦੇ ਮਾਪੇ ਇਸ ਮਾਮਲੇ ‘ਚ ਮੁਲਜ਼ਮ ਲੋਕਾਂ ਖ਼ਿਲਾਫ਼ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਉਹ ਬੀਤੇ ਦਿਨੀਂ ਵਿਦੇਸ਼ ਵੀ ਹੋ ਕੇ ਆਏ ਹਨ। ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਨਾਲ ਪੂਰੀ ਦੁਨੀਆਂ ‘ਚ ਆਪਣੀ ਖ਼ਾਸ ਪਹਿਚਾਣ ਬਣਾਈ ਸੀ।