CM ਭਗਵੰਤ ਮਾਨ ਦੋ ਦਿਨਾਂ ਮੁੰਬਈ ਦੌਰੇ ‘ਤੇ ਹਨ। ਮੁੰਬਈ ਪਹੁੰਚਣ ‘ਤੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਉਦਯੋਗਪਤੀਆਂ ਨੂੰ ਸੂਬੇ ‘ਚ ਪੂੰਜੀ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਹਿੱਤ ਖਾਤਿਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੰਮ ਕਰ ਰਹੇ ਹਨ। ਆਪਣੇ ਦੋ ਦਿਨਾਂ ਦੌਰੇ ਦੌਰਾਨ ਮੁੱਖ ਮੰਤਰੀ ਸੋਮਵਾਰ ਨੂੰ ਨਿਵੇਸ਼ ਲਈ ਵਪਾਰਕ ਵਫ਼ਦਾਂ ਅਤੇ ਪ੍ਰਮੁੱਖ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਬੈਠਕ ਕਰਨਗੇ। ਉਹ ਪ੍ਰਮੁੱਖ ਸੈਕਟਰਾਂ ’ਚ ਰਣਨੀਤਕ ਤਾਲਮੇਲ ਲਈ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ। ਆਪਣੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਮਹੀਨੇ ਐੱਸ. ਏ. ਐੱਸ. ਨਗਰ ਮੋਹਾਲੀ ’ਚ ਹੋਣ ਵਾਲੇ ਇਨਵੈਸਟ ਪੰਜਾਬ ਸੰਮੇਲਨ ‘ਚ ਸ਼ਾਮਲ ਹੋਣ ਲਈ ਉਦਯੋਗਪਤੀਆਂ ਨੂੰ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਦੇਣਗੇ। ਇਸ ਦੌਰਾਨ ਮੁੰਬਈ ਪਹੁੰਚਣ ’ਤੇ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ’ਚ ਉਦਯੋਗਿਕ ਧੁਰੇ ਵਜੋਂ ਉਭਾਰਨ ਦੀ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਵੱਡੇ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸੂਬੇ ਨੂੰ ਉਦਯੋਗਿਕ ਵਿਕਾਸ ਦੇ ਸਿਖ਼ਰ ’ਤੇ ਲਿਜਾਣ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਜਾ ਰਹੇ ਹਨ। ਇਸ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ‘ਚ ਫਿਲਮ ਸਿਟੀ ਸਥਾਪਿਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਫਿਲਮ ਉਦਯੋਗ ਨਾਲ ਜੁੜੇ ਉਨ੍ਹਾਂ ਦੇ ਵੱਡੀ ਗਿਣਤੀ ‘ਚ ਦੋਸਤ ਮੁੰਬਈ ‘ਚ ਵਸੇ ਹੋਏ ਹਨ, ਇਸ ਲਈ ਉਹ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਸਟੂਡੀਓ ਸਥਾਪਤ ਕਰਨ ਅਤੇ ਪੰਜਾਬ ’ਚ ਆਪਣੇ ਉਦਯੋਗ ਖੋਲ੍ਹਣ ਦਾ ਸੱਦਾ ਦੇਣਗੇ।