ਨਵੇਂ ਸਾਲ 2023 ਦੇ ਜਸ਼ਨ ਦੌਰਾਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਸ ਦਈਏ ਕਿ ਇਕ ਕਾਰ ਵਿੱਚ ਸਵਾਰ 5 ਮੁੰਡੇ ਇੱਕ ਕੁੜੀ ਨੂੰ ਆਪਣੀ ਕਾਰ ਵਿੱਚ 8-12 ਕਿਲੋਮੀਟਰ ਤੱਕ ਘੜੀਸ ਕੇ ਲੈ ਗਏ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 3 ਵਜੇ ਪੁਲਸ ਨੇ ਕਾਂਝਵਾਲਾ ਇਲਾਕੇ ’ਚ ਇੱਕ ਪੀ.ਸੀ.ਆਰ ਕਾਲ ਪ੍ਰਾਪਤ ਕੀਤੀ। ਦੱਸਿਆ ਗਿਆ ਕਿ ਸੜਕ ਕੰਢੇ ਇੱਕ ਕੁੜੀ ਨਗਨ ਹਾਲਾਤ ‘ਚ ਪਈ ਹੈ। ਇਸ ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੇਖਿਆ ਕਿ ਉਥੇ ਇਕ ਕੁੜੀ ਖੂਨ ਨਾਲ ਲੱਥਪੱਥ ਹਾਲਤ ’ਚ ਪਈ ਸੀ। ਉਸ ਦੇ ਸਰੀਰ ’ਤੇ ਕੋਈ ਕੱਪੜ ਨਹੀਂ ਸੀ। ਸੜਕ ’ਤੇ ਘੜੀਸੇ ਜਾਣ ਕਾਰਨ ਸਰੀਰ ਦੀ ਵਧੇਰੇ ਚਮੜੀ ਉਤਰ ਗਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਕ 23 ਸਾਲਾ ਕੁੜੀ ਸਕੂਟੀ ’ਤੇ ਆਪਣੇ ਘਰ ਜਾ ਰਹੀ ਸੀ ਕਿ ਇਕ ਕਾਰ ’ਚ ਸਵਾਰ 5 ਮੁੰਡੇ ਉਥੋਂ ਲੰਘੇ ।
ਉਨ੍ਹਾਂ ਦੀ ਕਾਰ ਸਕੂਟੀ ਨਾਲ ਟਕਰਾ ਗਈ। ਇਸ ਤੋਂ ਬਾਅਦ ਇਹ ਕਾਰ ਕੁੜੀ ਨੂੰ ਸੁਲਤਾਨਪੁਰ ਤੋਂ ਕਾਂਝਵਾਲਾ ਇਲਾਕੇ ਤੱਕ ਕਰੀਬ 8 ਕਿਲੋਮੀਟਰ ਤੱਕ ਘਸੀਟਦੀ ਲੈ ਗਈ। ਕੁੜੀ ਦੇ ਸਰੀਰ ਤੋਂ ਸਾਰੇ ਕੱਪੜੇ ਵੱਖ ਹੋ ਗਏ। ਇਸ ਕਾਰਨ ਉਸ ਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਸਨ ਪੁਲਸ ਨੇ ਜਾਂਚ ਤੋਂ ਬਾਅਦ ਕਾਰ ’ਚ ਸਵਾਰ ਪੰਜ ਮੁੰਡਿਆਂ ਨੂੰ ਫੜ ਕੇ ਕਾਰ ਜ਼ਬਤ ਕਰ ਲਈ ਹੈ। ਕਾਰ ਵਿੱਚ ਸਵਾਰ ਮੁੰਡਿਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿਚ ਸਨ ਜਾਂ ਨਹੀਂ।
ਔਰਤ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਟਵੀਟ ਕੀਤਾ ਕਿ ਉਹ “ਦੋਸ਼ੀਆਂ ਦੀ ਭਿਆਨਕ ਅਸੰਵੇਦਨਸ਼ੀਲਤਾ ਤੋਂ ਹੈਰਾਨ ਹਨ” ਅਤੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਰਾਜਪਾਲ ਵੀਕੇ ਸਕਸੈਨਾ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ “ਭਾਵੇਂ ਕਿ ਹਰ ਸੰਭਵ ਸਹਾਇਤਾ/ਮਦਦ ਅਤੇ ਇਸ ਤੋਂ ਇਲਾਵਾ, ਪੀੜਤ ਪਰਿਵਾਰ ਨੂੰ ਯਕੀਨੀ ਬਣਾਇਆ ਜਾਵੇਗਾ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੌਕਾਪ੍ਰਸਤੀ ਦਾ ਸਹਾਰਾ ਨਾ ਲੈਣ। ਆਓ ਮਿਲ ਕੇ ਇੱਕ ਹੋਰ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਸਮਾਜ ਲਈ ਕੰਮ ਕਰੀਏ।”
ਇਹ ਘਟਨਾ ਬੀਤੀ ਸਵੇਰੇ ਦਿੱਲੀ ਦੇ ਸੁਲਤਾਨਪੁਰੀ ਵਿੱਚ ਅੱਧੀ ਰਾਤ ਨੂੰ ਸ਼ੁਰੂ ਹੋਏ ਨਵੇਂ ਸਾਲ ਦੇ ਜਸ਼ਨ ਤੋਂ ਕਈ ਘੰਟੇ ਬਾਅਦ ਵਾਪਰੀ। ਪੁਲਿਸ ਨੇ ਕਿਹਾ ਕਿ ਉਸਦੀ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ, ਕਾਰ 8-12 ਕਿਲੋਮੀਟਰ ਤੱਕ ਮ੍ਰਿਤਕ ਨੂੰ ਘੱਸੀਟਦੀ ਚਲੀ ਗਈ ਜਦੋਂ ਕਿ ਉਸਦੇ ਅੰਗ ਗੱਡੀ ਦੇ ਹੇਠਾਂ ਫਸ ਗਏ। ਉਥੇ ਹੀ ਮ੍ਰਿਤਕ ਦੀ ਮਾਂ ਰੇਖਾ ਨੇ ਦੋਸ਼ ਲਾਇਆ ਕਿ ਪੁਰਸ਼ਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਕਿਹਾ, “ਉਸ ਦੇ ਕੱਪੜੇ ਪੂਰੀ ਤਰ੍ਹਾਂ ਫਾੜੇ ਨਹੀਂ ਜਾ ਸਕਦੇ। ਜਦੋਂ ਉਨ੍ਹਾਂ ਨੇ ਉਸ ਨੂੰ ਲੱਭਿਆ ਤਾਂ ਉਸ ਦਾ ਪੂਰਾ ਸਰੀਰ ਨੰਗਾ ਸੀ। ਮੈਂ ਪੂਰੀ ਜਾਂਚ ਅਤੇ ਨਿਆਂ ਚਾਹੁੰਦੀ ਹਾਂ।” ਅੰਜਲੀ ਨਾਂ ਦੀ ਇਹ ਔਰਤ ਅਮਨ ਵਿਹਾਰ ਦੀ ਰਹਿਣ ਵਾਲੀ ਸੀ। ਉਸਦੇ ਪਿੱਛੇ ਉਸਦੀ ਮਾਂ, ਚਾਰ ਭੈਣਾਂ ਅਤੇ ਦੋ ਭਰਾ ਹਨ। ਉਹ ਸਭ ਤੋਂ ਵੱਡੀ ਸੀ। ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।