ਪੰਜਾਬ ‘ਚ ਜਿਹੜੇ ਨਵੇਂ ਵਿਕਰੀ ਕੇਂਦਰ ਪੰਜਾਬ ਸਰਕਾਰ ਵਲੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਸੀ, ਉਹ ਹੁਣ ਕੁਝ ਜਗ੍ਹਾ ’ਤੇ ਨਹੀਂ ਖੁੱਲ੍ਹਣਗੇ ਕਿਉਂਕਿ ਇਨ੍ਹਾਂ ਵਿਕਰੀ ਕੇਂਦਰਾਂ ’ਤੇ ਰੇਤਾ ਅਤੇ ਬੱਜਰੀ ਲਿਆਉਣ ਲਈ ਸਰਕਾਰ ਨੂੰ ਵੱਖਰਾ ਖ਼ਰਚਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਅਜੇ ਸਰਕਾਰ ਵੱਲੋਂ ਤੈਅ ਕੀਤਾ ਗਿਆ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਨਹੀਂ ਮਿਲੇਗਾ। ਬਿਲਡਿੰਗ ਮਟੀਰੀਅਲ ਵਾਲੇ ਵੀ ਰੇਤਾ ਅਤੇ ਬੱਜਰੀ ਨਹੀਂ ਚੁੱਕ ਰਹੇ ਹਨ।
ਜਿਹੜਾ ਇਸ ਸਮੇਂ ਮਕਾਨ ਬਣਾ ਵੀ ਰਿਹਾ ਹੈ, ਉਸ ਨੂੰ 4 ਗੁਣਾ ਭਾਅ ’ਤੇ ਰੇਤਾ-ਬੱਜਰੀ ਮਿਲ ਰਹੀ ਹੈ। 550 ਰੁਪਏ ਵਾਲੀ ਰੇਤਾ ਦੀ ਟਰਾਲੀ 3500 ਤੋਂ ਲੈ ਕੇ 4000 ਰੁਪਏ ਵਿਚ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮਾਈਨਿੰਗ ਪਾਲਿਸੀ ਲਾਗੂ ਨਹੀਂ ਕਰ ਰਹੀ, ਬਸ ਵਾਅਦੇ ਕਰਕੇ ਅਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਹੜੇ ਵਿਕਰੀ ਕੇਂਦਰ ਖੋਲ੍ਹਣ ਦੀ ਤਿਆਰੀ ਸੀ, ਉਹ ਵੀ ਹੁਣ ਨਹੀਂ ਖੁੱਲ੍ਹਣਗੇ ਕਿਉਂਕਿ ਜਦੋਂ ਵਿਭਾਗ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਜਿਸ ਜਗ੍ਹਾ ’ਤੇ ਵਿਕਰੀ ਕੇਂਦਰ ਖੋਲ੍ਹਿਆ ਜਾਣਾ ਸੀ, ਉਥੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਮਹਿੰਗੇ ਭਾਅ ’ਤੇ ਹੀ ਰੇਤਾ-ਬੱਜਰੀ ਮਿਲੇਗੀ।
ਦਸਣਯੋਗ ਹੈ ਕਿ ਪੰਜਾਬ ਸਰਕਾਰ ਵਾਅਦਾ ਕੀਤਾ ਸੀ ਕਿ ਰੇਤਾ ਅਤੇ ਬੱਜਰੀ ਸਸਤੀ ਦੇਣ ਲਈ ਇਕ ਨਵਾਂ ਨਿਯਮ ਲਿਆਦਾਂ ਜਾ ਰਿਹਾ ਹੈ, ਜਿਸ ਵਿਚ ਗਾਹਕ ਆਪਣੀ ਟਰਾਲੀ ਅਤੇ ਲੇਬਰ ਨਾਲ ਲੈ ਕੇ ਮਾਈਨਿੰਗ ਵਾਲੀ ਜਗ੍ਹਾ ’ਤੇ ਜਾਵੇਗਾ, ਜਿੱਥੇ ਉਹ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਟਰਾਲੀ ਵਿਚ ਭਰੇਗਾ। ਬਿਲਡਿੰਗ ਮਟੀਰੀਅਲ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਉਹ ਖ਼ੁਦ ਦੀ ਟਰਾਲੀ ਵੀ ਭੇਜਦੇ ਹਨ ਤਾਂ ਲੇਬਰ ਅਤੇ ਆਉਣ-ਜਾਣ ਦਾ ਖ਼ਰਚ ਉਨ੍ਹਾਂ ’ਤੇ ਹੀ ਪਵੇਗਾ। ਗਾਹਕ ਨੂੰ ਫਿਰ ਵੀ ਸਸਤੀ ਰੇਤਾ-ਬੱਜਰੀ ਨਹੀਂ ਮਿਲੇਗੀ।