ਜਲੰਧਰ ਦੇ ਨਜ਼ਦੀਕੀ ਇਲਾਕੇ ਮਾਡਲ ਟਾਊਨ ਨੇੜੇ ਲਤੀਫਪੁਰਾ ’ਚ ਇੰਪਰੂਵਮੈਂਟ ਟਰੱਸਟ ਨੇ ਨਾਜਾਇਜ਼ ਕਬਜ਼ਿਆਂ ਸਬੰਧੀ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਇੰਪਰੂਵਮੈਂਟ ਟਰੱਸਟ ਨੇ ਸੈਂਕੜੇ ਲੋਕਾਂ ਨੂੰ ਬੇਘਰ ਕਰਕੇ ਪਿਛਲੇ ਕਈ ਸਾਲਾਂ ਤੋਂ ਵਿਵਾਦਿਤ ਚੱਲੀ ਆ ਰਹੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਹੁਣ 12 ਦਸੰਬਰ ਨੂੰ ਹਾਈਕੋਰਟ ’ਚ ਕੇਸ ਦੀ ਸੁਣਵਾਈ ਦੌਰਾਨ ਟਰੱਸਟ ਅਤੇ ਪੁਲਿਸ ਪ੍ਰਸ਼ਾਸਨ ਐਕਸ਼ਨ ਟੇਕਨ ਰਿਪੋਰਟ ਦਾਇਰ ਕਰਨਗੇ। ਵੀਰਵਾਰ ਰਾਤ ਤੋਂ ਹੀ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਨੂੰ ਲਤੀਫਪੁਰਾ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਰਾਤ ਭਰ ਤੋਂ ਹੀ ਪ੍ਰਭਾਵਿਤ ਘਰਾਂ ਦੇ ਨਿਵਾਸੀ ਸੜਕ ’ਤੇ ਖੜ੍ਹੇ ਹੋ ਕੇ ਉਨ੍ਹਾਂ ਦੇ ਘਰਾਂ ਨੂੰ ਤੋੜਨ ਸਬੰਧੀ ਹੋਣ ਵਾਲੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਸ਼ੁੱਕਰਵਾਰ ਸਵੇਰੇ 5.30 ਵਜੇ ਦੇ ਲਗਭਗ ਪੁਲਿਸ ਅਫ਼ਸਰਾਂ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆਂਦੇ 600 ਦੇ ਕਰੀਬ ਪੁਲਿਸ ਅਧਿਕਾਰੀਆਂ ਨੇ ਲਤੀਫਪੁਰਾ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਲਤੀਫਪੁਰਾ ਨੂੰ ਜਾਣ ਵਾਲੀ ਹਰੇਕ ਸੜਕ-ਗਲੀ ਦੇ ਬਾਹਰ ਬੈਰੀਕੇਡ ਲਾ ਕੇ ਲੋਕਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਲੋਕਾਂ ਨੂੰ ਪੈਦਲ ਵੀ ਬੈਰੀਕੇਡਜ਼ ਤੋਂ ਲੰਘਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਇਸ ਸਾਰੀ ਕਸ਼ਮਕਸ਼ ਵਿਚਕਾਰ ਟਰੱਸਟ ਦੇ ਈ. ਓ. ਅਤੇ ਐੱਸ. ਈ. ਨੇ ਜਿਉਂ ਹੀ ਨਗਰ ਨਿਗਮ ਦੀ ਮਸ਼ੀਨਰੀ ਨੂੰ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਸ਼ੁਰੂ ਕਰਨ ਨੂੰ ਕਿਹਾ ਤਾਂ ਉਥੇ ਰੋਹ ਭਰੇ ਲੋਕਾਂ ਨੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਉਹ ਪੁਲਿਸ ਮੁਲਾਜ਼ਮਾਂ ਨਾਲ ਉਲਝ ਪਏ। ਇਸੇ ਦੌਰਾਨ 2 ਔਰਤਾਂ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਖ਼ੁਦ ਨੂੰ ਘਰ ਵਿਚ ਬੰਦ ਕਰ ਲਿਆ ਪਰ ਪੁਲਿਸ ਕਰਮਚਾਰੀਆਂ ਨੇ ਦਰਵਾਜ਼ੇ ਤੋੜ ਕੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ। ਕੁਝ ਲੋਕਾਂ ਨੇ ਜੇ. ਸੀ. ਬੀ. ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਖਦੇੜਦਿਆਂ ਹਿਰਾਸਤ ਵਿਚ ਲੈ ਕੇ ਉਨ੍ਹਾਂ ਨੂੰ ਬੱਸ ਵਿਚ ਬਿਠਾ ਕੇ ਪੁਲਿਸ ਥਾਣੇ ਲੈ ਗਈ। ਲਤੀਫਪੁਰਾ ਨਿਵਾਸੀਆਂ ਨੂੰ ਮੌਕੇ ਤੋਂ ਲਿਜਾਣ ਤੋਂ ਬਾਅਦ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਡੇਗਣ ਦਾ ਕੰਮ ਸ਼ੁਰੂ ਕਰ ਦਿੱਤਾ। ਸਵੇਰੇ ਸ਼ੁਰੂ ਹੋਈ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ।
ਇਸ ਸਮੁੱਚੀ ਕਾਰਵਾਈ ਦੌਰਾਨ ਅਨੇਕਾਂ ਲੋਕ ਖ਼ੁਦ ਨੂੰ ਲਾਚਾਰ ਮਹਿਸੂਸ ਕਰਦਿਆਂ ਆਪਣੇ ਆਸ਼ਿਆਨੇ ਨੂੰ ਟੁੱਟਦਿਆਂ ਦੇਖਣ ਨੂੰ ਮਜਬੂਰ ਹੁੰਦੇ ਵਿਖਾਈ ਦਿੱਤੇ ਅਤੇ ਕਈ ਲੋਕਾਂ ਨੇ ਕਾਰਵਾਈ ਨਾ ਰੁਕਦੀ ਦੇਖ ਆਪਣੇ ਘਰਾਂ ਵਿਚੋਂ ਖੁਦ ਹੀ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਛੋਟੇ-ਛੋਟੇ ਬੱਚੇ ਸਰਦੀ ਦੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠਾਂ ਬੈਠੇ ਹੋਏ ਸਨ। ਉਥੇ ਮੌਜੂਦ ਹਰੇਕ ਵਿਅਕਤੀ ਦੇ ਦਿਲ ’ਚ ਟੀਸ ਜਿਹੀ ਉੱਠਦੀ ਰਹੀ ਕਿ ਆਖਿਰ 70 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਜ਼ਮੀਨ ’ਤੇ ਰਹਿ ਰਹੇ ਲੋਕਾਂ ਦੀ ਕੀ ਗਲਤੀ ਹੈ, ਜੋ ਸਰਕਾਰ ਉਨ੍ਹਾਂ ਨੂੰ ਬੇਘਰ ਕਰ ਰਹੀ ਹੈ?
ਲਤੀਫਪੁਰਾ ਵਿਚ ਟਰੱਸਟ ਦੀ ਕਾਰਵਾਈ ਨੂੰ ਲੈ ਕੇ ਵਿਰੋਧ ਕਰਨ ਲਈ ਜਦੋਂ ਇਲਾਕਾ ਕੌਂਸਲਰ ਅਰੁਣਾ ਅਰੋੜਾ ਸਵੇਰੇ 7 ਵਜੇ ਘਰੋਂ ਨਿਕਲੇ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਪਹਿਲਾਂ ਤੋਂ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਮਹਿਲਾ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਤੋਂ ਰੋਕ ਦਿੱਤਾ। ਪੁਲਸ ਨੇ ਕੌਂਸਲਰ ਅਰੁਣਾ ਨੂੰ ‘ਹਾਊਸ ਅਰੈਸਟ’ ਕਰਦਿਆਂ ਉਨ੍ਹਾਂ ਦੇ ਬਾਹਰ ਨਿਕਲਣ ’ਤੇ ਰੋਕ ਲਾ ਦਿੱਤੀ। ਇਸ ਦੌਰਾਨ ਕੌਂਸਲਰ ਅਰੁਣਾ ਨੇ ਲਤੀਫਪੁਰਾ ਦੇ ਲੋਕਾਂ ਦੀ ਮਦਦ ਲਈ ਬਾਹਰ ਜਾਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ।