ਪਟਿਆਲਾ: ਪੰਜਾਬ ਦੇ ਵਿਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਜ਼ਿਆਦਾ ਵਿਗੜ ਚੁੱਕੀ ਹੈ ਕਿ ਆਮ ਲੋਕ ਤਾਂ ਦੂਰ ਦੀ ਗੱਲ ਸਿਆਸੀ ਨੇਤਾ ਦੇ ਨਾਲ-ਨਾਲ ਮਸ਼ਹੂਰ ਜਥੇਬੰਦੀਆਂ ਦੇ ਨੇਤਾ ਵੀ ਸੁਰੱਖਿਅਤ ਨਹੀਂ ਹੈ। ਇਸ ਦੌਰਾਨ ਉਸ ਸਮੇਂ ਤਾਂ ਹੱਦ ਹੀ ਹੋ ਗਈ ਜਦੋਂ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਹੀ ਸਰਕਾਰੀ ਗੰਨਮੈਨ ਵੱਲੋਂ ਕੀਤਾ ਗਿਆ ਹੈ। ਨਸ਼ੇ ‘ਚ ਧੁੱਤ ਗੰਨਮੈਨ ਨੇ ਹਰੀਸ਼ ਸਿੰਗਲਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।

ਸਾਰੀ ਸਕਿਓਰਿਟੀ ਦੇ ਸਾਹਮਣੇ ਗੰਨਮੈਨ ਵੱਲੋਂ ਸਰਕਾਰੀ AK-47 ਲੋਡ ਕਰਕੇ ਹਰੀਸ਼ ਸਿੰਗਲਾ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਘਟਨਾ ਦੇ ਗਵਾਹ ਸੀ. ਆਰ. ਪੀ. ਐੱਫ ਕਮਾਂਡੋਜ਼ ਅਤੇ ਹਰੀਸ਼ ਸਿੰਗਲਾ ਨੇ ਇਸ ਦੀ ਸੂਚਨਾ ਐੱਸ. ਐੱਸ. ਪੀ. ਪਟਿਆਲਾ ਅਤੇ ਆਈ. ਜੀ. ਪਟਿਆਲਾ ਨੂੰ ਮੌਕੇ ‘ਤੇ ਦਿੱਤੀ।

ਇਸ ਦੇ ਨਾਲ ਹੀ ਸਬੰਧਿਤ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਨੇ ਮੌਕੇ ‘ਤੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਪੁਲਸ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਖ਼ਿਲਾਫ਼ ਤੁਰੰਤ 307 ਦਾ ਮਾਮਲਾ ਦਰਜ ਕਰਨ ਦੀ ਮੰਗ ਹਰੀਸ਼ ਸਿੰਗਲਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਉਨ੍ਹਾਂ ਨੂੰ ਸੁਰੱਖਿਆ ਦੇ ਤੌਰ ‘ਤੇ ਵਧੀਆ ਮੁਲਾਜ਼ਮ ਦਿੱਤੇ ਜਾਣ।