ਅੰਤਰਰਾਸ਼ਟਰੀ ਬਾਕਸਰ ਪਦਮ ਸ਼੍ਰੀ ਕੌਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਦਸ ਦਈਏ ਕਿ ਉਹ ਸ਼ੂਗਰ ਤੋਂ ਪੀੜਤ ਸਨ ਅਤੇ ਉਹਨਾਂ ਨੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ ਹਨ। ਅੱਜ ਉਨ੍ਹਾਂ ਦਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੋ ਦਿਨ ਪਹਿਲਾਂ ਉਨ੍ਹਾਂ ਦਾ ਇਲਾਜ ਪਹਿਲਾਂ ਪਟਿਆਲਾ ਤੇ ਬਾਅਦ ਵਿੱਚ ਕੁਰੂਕਸ਼ੇਤਰ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਦੀਆਂ ਕਿਤਾਬਾਂ ਵਿੱਚ ਉਨ੍ਹਾਂ ਦੀ ਜੀਵਨੀ ਛਾਪਣ ਦਾ ਐਲਾਨ ਕੀਤਾ ਸੀ। ਦਸਣਯੋਗ ਹੈ ਕਿ ਅੰਤਰਰਾਸ਼ਟਰੀ ਬਾਕਸਰ ਕੌਰ ਸਿੰਘ ਇਕ ਓਲੰਪੀਅਨ ਮੁੱਕੇਬਾਜ਼, ਪਦਮ ਸ਼੍ਰੀ, ਅਰਜੁਨ ਐਵਾਰਡੀ ਤੇ ਏਸ਼ਿਆਈ ਸੋਨ ਤਗਮਾ ਜੇਤੂ ਸਨ। ਉਹਨਾਂ ਦੇ ਦੇਹਾਂਤ ‘ਤੇ ਸੀ.ਐਮ. ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਚਾਰ ਮਹਾਨ ਖਿਡਾਰੀ ਏਸ਼ੀਅਨ ਚੈਂਪੀਅਨ ਤੇ ਪਦਮ ਸ਼੍ਰੀ ਵਿਜੇਤਾ ਬੌਕਸਰ ਕੌਰ ਸਿੰਘ, ਦੌੜਾਕ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ।
ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਦੇ ਰਹਿਣ ਵਾਲੇ ਏਸ਼ਿਅਨ ਚੈਂਪੀਅਨ ਤੇ ਪਦਮ ਸ਼੍ਰੀ ਵਿਜੇਤਾ ਪੁਰਸਕਾਰ ਬੌਕਸਰ ਕੌਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਜੀਵਨੀ ਕਿਤਾਬਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਐਲਾਨ ਉੱਪਰ ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਮੇਰੀ ਤੇ ਮੇਰੀ ਮਿਹਨਤ ਬਾਰੇ ਜਾਣ ਸਕਣਗੀਆਂ।
ਬੌਕਸਰ ਕੌਰ ਸਿੰਘ ਨੇ ਦੱਸਿਆ ਸੀ ਕਿ ਉਹ ਫੌਜ ਦੀ ਨੌਕਰੀ ਕਰਦੇ ਸਨ ਤੇ ਉਨ੍ਹਾਂ ਦੇ ਵੱਡੇ ਅਫਸਰ ਨੇ ਉਨ੍ਹਾਂ ਦੇ ਸਰੀਰ ਤੇ ਕੱਦ-ਕਾਠ ਨੂੰ ਦੇਖਦਿਆਂ ਕੌਰ ਸਿੰਘ ਨੂੰ ਖੇਡਾਂ ਖੇਡਣ ਲਈ ਕਿਹਾ ਸੀ। ਉਨ੍ਹਾਂ ਦੇ ਵੱਡੇ ਅਫਸਰ ਨੇ ਕੌਰ ਸਿੰਘ ਨੂੰ ਬਾਕਸਿੰਗ ਖੇਡ ਦੀ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ।
ਬੌਕਸਿੰਗ ਵਿੱਚ ਕੌਰ ਸਿੰਘ ਵਧੀਆ ਖੇਡਣ ਲੱਗੇ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇਸ਼ ਦੇ ਲਈ ਅਲੱਗ ਅਲੱਗ ਦੇਸ਼ਾਂ ਦੇ ਵਿਚ ਬੌਕਸਿੰਗ ਖੇਡ ਦੇ ਵਿੱਚ ਜਿੱਤ ਦੇ ਝੰਡੇ ਗੱਡੇ ਤੇ ਕਈ ਇਨਾਮ ਤੇ ਟਰਾਫੀ, ਮੈਡਲ ਆਪਣੇ ਦੇਸ਼ ਦੇ ਲਈ ਜਿੱਤੇ। ਇੱਕ ਵਾਰ ਦਿੱਲੀ ਵਿੱਚ ਦੁਨੀਆ ਦੇ ਮਸ਼ਹੂਰ ਬੌਕਸਰ ਮੁਹੰਮਦ ਅਲੀ ਪਹੁੰਚੇ ਸਨ ਤੇ ਕੌਰ ਸਿੰਘ ਨੇ ਮੁਹੰਮਦ ਅਲੀ ਨਾਲ ਵੀ ਬੌਕਸਿੰਗ ਦੀ ਇੱਕ ਫਾਈਟ ਲੜੀ ਸੀ।