ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਬਹਿਬਲ ਕਲਾਂ ਇਨਸਾਫ ਮੋਰਚੇ ਵਿਚ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਹਰ ਹਫਤੇ ਮੋਰਚੇ ਵਿਚ ਹਾਜ਼ਰੀ ਭਰਨ ਦੀ ਗੱਲ ਕਹੀ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਆਪਣੇ ਮੱਥੇ ’ਤੇ ਲੱਗੇ ਬੇਅਦਬੀ ਦੇ ਕਲੰਕ ਨੂੰ ਧੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਕੁਰਬਾਨੀ ਅਤੇ ਤਿਆਗ ਕਰਨਾ ਪਵੇਗਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੇ ਕਿ ਜਦੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਇਨਸਾਫ ਮੰਗਿਆ ਤਾਂ ਸੰਗਤਾਂ ਉਪਰ ਗੋਲੀਆਂ ਚਲਾਈਆ ਗਈਆਂ ਉਸ ਸਮੇਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ਤੇ ਲੱਗਾ ਹੈ ਜਿਸ ਨੂੰ ਸਾਫ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਕੁਰਬਾਨੀ ਅਤੇ ਤਿਆਗ ਦੀ ਲੋੜ ਹੈ।
ਇਸ ਦੌਰਾਨ ਪੰਜੋਲੀ ਨੇ ਬੇਅਦਬੀ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾ ਤਾਂ ਕਿਸੇ ਦੋਸੀ ਨੂੰ ਫੜ੍ਹਿਆ ਅਤੇ ਨਾ ਹੀ ਕਿਸੇ ਨੂੰ ਸਜਾਵਾਂ ਦਿੱਤੀਆ। ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਹਨ । ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਪਾਰਟੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਪਾਰਟੀ ਨੇ ਉਨਾਂ ਨੂੰ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ ਨੇ ਪਾਰਟੀ ’ਚੋਂ ਕੱਢੇ ਜਾਣ ‘ਤੇ ਲੱਡੂ ਵੀ ਵੰਡੇ ਸਨ। ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਉਹਨਾਂ ਬਿਆਨ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਡਾ ਡਿਕਟੇਟਰ ਅਤੇ ਆਕੜਖੌਰ ਹੈ।