ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਧਾਰਮਿਕ ਮੁੱਦਿਆਂ ’ਤੇ ਸਰਕਾਰਾਂ ਦੀ ਅਣਦੇਖੀ ਖ਼ਿਲਾਫ਼ ਸਿੱਖ ਭਾਈਚਾਰੇ ਵਿਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ। ਹੱਕਾਂ ਲਈ ਇਨਸਾਫ਼ ਲੈਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕੜਾਕੇ ਦੀ ਠੰਢ ਵਿੱਚ ਮੋਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਲਗਾਇਆ ਗਿਆ ਲੜੀਵਾਰ ਧਰਨਾ ਜਾਰੀ ਹੈ। ਇਸ ਦਰਮਿਆਨ ਭੁੱਲਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੁਣ ਇਸ ਮੋਰਚੇ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮੋਹਾਲੀ ਵਿਖੇ ਮੋਰਚਾ ਲੱਗਾ ਹੋਇਆ। ਜਿਹੜੇ ਸਿੱਖ ਕੈਦੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਜੇਲ੍ਹ ਵਿਚ ਕਾਫੀ ਅਰਸੇ ਤੋਂ ਬੰਦ ਰੱਖਿਆ ਜਾ ਰਿਹਾ ਹੈ ਤਾਂ ਕਰਕੇ ਇਹਨਾਂ ਦਾ ਨਾਂ ‘ਬੰਦੀ ਸਿੰਘਾਂ ਦੀ ਰਿਹਾਈ’ ਪੈ ਗਿਆ। ਉਹਨਾਂ ਨੇ ਸਵਾਲ ਖੜ੍ਹਾ ਕੀਤਾ ਕਿਸੇ ਨੂੰ ਜੇਲ੍ਹ ਵਿਚ ਕਿਉਂ ਰੱਖਿਆ ਜਾ ਰਿਹਾ ਹੈ ਜਦਕਿ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਮੈਂ ਵੀ ਪਟਿਆਲਾ ਜੇਲ੍ਹ ‘ਚ ਰਿਹਾ ਹਾਂ ਅਤੇ ਉਥੇ ਮੈਨੂੰ ਵਿਅਕਤੀ ਮਿਲਿਆ ਜਿਸਨੇ ਕਿਹਾ ਕਿ ਮੈਂ 28-29 ਸਾਲਾਂ ਤੋਂ ਜੇਲ੍ਹ ਕੱਟ ਚੁੱਕਾ ਹਾਂ ਪਰ ਉਸਦੀ ਰਿਹਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਦੇਸ਼ ਦੀਆਂ ਕਈ ਜੇਲ੍ਹਾਂ ਵਿਚ ਅਜਿਹਾ ਕੇਸ ਹਨ ਜਿਹੜੇ ਲੋਕ ਆਪਣੇ ਕਾਨੂੰਨ-ਸਵਿਧਾਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਉਹਨਾਂ ਨੂੰ ਹਾਲੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਇਸ ਕਾਰਨ ਪੰਜਾਬ ਦੇ ਲੋਕਾਂ ਨੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਮੋਰਚਾ ਲਗਾਇਆ ਹੈ। ਇਸ ਦਰਮਿਆਨ ਸੁਖਪਾਲ ਖਹਿਰਾ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੋਹਾਲੀ ਵਿਖੇ ਮੋਰਚੇ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਕ ਪਾਰਟੀ ਦੇ ਦਾਇਰੇ ਕਾਰਨ ਮੈਂ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਪਰ ਮੇਰੇ ਜਜ਼ਬਾਤ ਇਸ ਮੋਰਚੇ ਦੇ ਨਾਲ ਹਨ। ਉਨ੍ਹਾਂ ਵੱਲੋਂ ਕੁਝ ਸਾਲ ਪਹਿਲਾ ਮੋਹਾਲੀ ਵਿਖੇ ਗੁਰੂਦੁਆਰਾ ਅੰਬ ਸਾਹਿਬ ਵਿਖੇ ਲਾਏ ਮੋਰਚੇ ਦਾ ਵੀ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਰਾਜੀਵ ਗਾਂਧੀ ਦੇ ਕਾਤਲਾ ਦੀ ਰਿਹਾਈ ‘ਤੇ ਵੀ ਸਵਾਲ ਚੁੱਕੇ ਗਏ ਹਨ।
ਇਥੇ ਦਸ ਦਈਏ ਕਿ ਪਿਛਲੇ ਦਿਨੀ ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਵੀ ਨੌਜਵਾਨਾਂ ਨੂੰ ਧਰਨੇ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਸੀ।