ਬੀਤੇ ਦਿਨੀ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ‘ਚ ਇਕ ਟ੍ਰਿਪਲ ਮਰਡਰ ਕੇਸ ਸਾਹਮਣੇ ਆਈਆ ਸੀ ਜਿਸ ਵਿਚ ਪਤੀ ਚਮਨ ਲਾਲ, ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਦਾ ਘਰ ‘ਚ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਕੰਨੋ-ਕੰਨ ਖ਼ਬਰ ਹੋਣ ਨਹੀਂ ਦਿੱਤੀ ਸੀ ਪਰ ਇਸ ਕਤਲਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤਕਰੀਬਨ 12 ਘੰਟਿਆਂ ਤੋਂ ਵੀ ਘੱਟ ਸਮੇਂ ਇਸਨੂੰ ਸੁਲਝਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 3 ਜੀਆਂ ਦਾ ਕਤਲ ਗੁਆਂਢੀ ਰੋਬਿਨ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਕੀਤਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਇਸ ਬਾਰੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਬਜ਼ੁਰਗ ਔਰਤ ਸੁਰਜੀਤ ਕੌਰ ਜੀਤੋ (100), ਚਮਨ ਲਾਲ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਦਾ ਕਤਲ ਹੋ ਗਿਆ ਸੀ। ਇਸ ਕਤਲਕਾਂਡ ਨੂੰ ਗੁਆਂਢ ‘ਚ ਰਹਿਣ ਵਾਲੇ ਰੌਬਿਨ ਨਾਂ ਦੇ ਨੌਜਵਾਨ ਨੇ ਅੰਜਾਮ ਦਿੱਤਾ ਸੀ, ਜੋ ਕਿ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਘਰ ਔਲਾਦ ਨਹੀਂ ਹੈ। ਮ੍ਰਿਤਕ ਸੁਰਿੰਦਰ ਕੌਰ ਅਕਸਰ ਰੌਬਿਨ ਨੂੰ ਇਸ ਗੱਲ ਬਾਰੇ ਪੁੱਛਦੀ ਸੀ ਕਿ ਉਨ੍ਹਾਂ ਦੇ ਬੱਚਾ ਕਿਉਂ ਨਹੀਂ ਹੋ ਰਿਹਾ, ਜਿਸ ‘ਤੇ ਰੌਬਿਨ ਖ਼ਫ਼ਾ ਹੋ ਜਾਂਦਾ ਸੀ ਕਿ ਉਸ ਦੀ ਪਤਨੀ ਸਾਹਮਣੇ ਸੁਰਿੰਦਰ ਕੌਰ ਇਹ ਗੱਲ ਕਿਉਂ ਕਰ ਰਹੀ ਹੈ।
ਸੁਰਿੰਦਰ ਕੌਰ ਦੀਆਂ ਗੱਲਾਂ ਕਾਰਨ ਰੌਬਿਨ ਅੰਦਰੋਂ-ਅੰਦਰੀ ਘੁਟਣ ਮਹਿਸੂਸ ਕਰ ਰਿਹਾ ਸੀ ਅਤੇ ਉਸ ਦੇ ਮਨ ‘ਚ ਰੰਜਿਸ਼ ਪੈਦਾ ਹੋ ਗਈ। ਕਤਲ ਵਾਲੇ ਦਿਨ ਜਦੋਂ ਸੁਰਿੰਦਰ ਕੌਰ ਆਪਣੇ ਘਰ ਦੀ ਛੱਤ ‘ਤੇ ਆਈ ਤਾਂ ਫਿਰ ਉਸ ਨੇ ਰੌਬਿਨ ਨੂੰ ਬੱਚਾ ਨਾ ਹੋਣ ਬਾਰੇ ਪੁੱਛ ਲਿਆ। ਇਸ ਤੋਂ ਬਾਅਦ ਰੌਬਿਨ ਨੇ ਖ਼ਾਰ ਖਾਂਦੇ ਹੋਏ ਹਥੌੜਾ ਚੁੱਕਿਆ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਰੌਬਿਨ ਉਨ੍ਹਾਂ ਦੇ ਘਰ ਦੀਆਂ ਪੌੜੀਆਂ ਰਾਹੀਂ ਅੰਦਰ ਦਾਖ਼ਲ ਹੋਇਆ ਅਤੇ ਸੁਰਿੰਦਰ ਕੌਰ ਦੇ ਸਿਰ ‘ਤੇ ਹਥੌੜਾ ਮਾਰ ਦਿੱਤਾ। ਇਸ ਦੌਰਾਨ ਸੁਰਿੰਦਰ ਕੌਰ ਦਾ ਪਤੀ ਚਮਨ ਲਾਲ ਜੋ ਸੁੱਤਾ ਪਿਆ ਸੀ, ਉਹ ਵੀ ਜਾਗ ਗਿਆ ਤਾਂ ਰੌਬਿਨ ਨੇ ਉਸ ਦੇ ਵੀ ਹਥੌੜਾ ਮਾਰ ਦਿੱਤਾ।
ਦੂਜੇ ਕਮਰੇ ‘ਚ ਪਈ ਚਮਨ ਲਾਲ ਦੀ ਮਾਂ ਸੁਰਜੀਤ ਕੌਰ ਜੀਤੋ ਨੇ ਰੌਬਿਨ ਨੂੰ ਆਪਣੇ ਘਰ ਅੰਦਰ ਦੇਖ ਲਿਆ ਤਾਂ ਉਸ ਨੇ ਸੁਰਜੀਤ ਕੌਰ ‘ਤੇ ਵੀ ਹਥੌੜੇ ਨਾਲ ਵਾਰ ਕਰ ਦਿੱਤਾ ਅਤੇ ਸੁਰਜੀਤ ਕੌਰ ਹੇਠਾਂ ਡਿੱਗ ਗਈ। ਕਿਸੇ ਨੂੰ ਸ਼ੱਕ ਨਾ ਹੋ ਜਾਵੇ, ਇਸ ਲਈ ਰੌਬਿਨ ਨੇ ਸੁਰਜੀਤ ਕੌਰ ਨੂੰ ਚੁੱਕ ਕੇ ਚਮਨ ਲਾਲ ਅਤੇ ਸੁਰਿੰਦਰ ਕੌਰ ਦੇ ਕਮਰੇ ‘ਚ ਬੈੱਡ ‘ਤੇ ਪਾ ਦਿੱਤਾ। ਇਸ ਤੋਂ ਬਾਅਦ ਰੌਬਿਨ ਨੇ ਰਸੋਈ ‘ਚ ਗੈਸ ਚੁੱਲ੍ਹਾ ਖੁੱਲ੍ਹਾ ਛੱਡ ਦਿੱਤਾ ਅਤੇ ਅਗਰਬੱਤੀ ਬਾਲ ਦਿੱਤੀ ਤਾਂ ਜੋ ਸਭ ਨੂੰ ਇਹ ਲੱਗੇ ਕਿ ਅੱਗ ਲੱਗਣ ਕਾਰਨ ਪਰਿਵਾਰਕ ਜੀਆਂ ਦੀ ਮੌਤ ਹੋਈ ਹੈ। ਫਿਲਹਾਲ ਪੁਲਸ ਨੇ ਰੌਬਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।