ਐਨਸੀਪੀ ਮੁਖੀ ਅਤੇ ਵਿਰੋਧੀ ਧਿਰ ਦੇ ਸੀਨੀਅਰ ਨੇਤਾ ਸ਼ਰਦ ਪਵਾਰ ਨੇ ਕੇਂਦਰ ਅਤੇ ਮਹਾਰਾਸ਼ਟਰ ਵਿੱਚ ਭਾਜਪਾ-ਏਕਨਾਥ ਸ਼ਿੰਦੇ ਗੱਠਜੋੜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਦਾ ਦੌਰਾ ਨਹੀਂ ਕੀਤਾ ਅਤੇ ਇਸ ਬਾਰੇ ਬਹੁਤ ਘੱਟ ਚਰਚਾ ਕੀਤੀ। ਪਵਾਰ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਮਣੀਪੁਰ ਦੀਆਂ ਔਰਤਾਂ ਦਾ ਦਰਦ ਨਹੀਂ ਸਮਝਿਆ।” ਸ਼ਰਦ ਪਵਾਰ ਨੇ ਕਿਹਾ, ”ਮਣੀਪੁਰ ‘ਚ ਸਮਾਜ ਅਤੇ ਪਿੰਡਾਂ ‘ਚ ਵੰਡ ਹੈ, ਲੋਕ ਇਕ-ਦੂਜੇ ‘ਤੇ ਹਮਲੇ ਕਰ ਰਹੇ ਹਨ, ਘਰਾਂ ਨੂੰ ਸਾੜਿਆ ਜਾ ਰਿਹਾ ਹੈ, ਔਰਤਾਂ ਨੂੰ ਨਗਨ ਕਰਵਾਕੇ ਪਰੇਡ ਕਰਵਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਭਾਜਪਾ ਸਰਕਾਰ ਕੁਝ ਨਹੀਂ ਕਰ ਰਹੀ ਹੈ। ਪਵਾਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਰਾਜ ਦਾ ਕੰਮ ਹੈ। ਮਣੀਪੁਰ ਵਿੱਚ “ਡਬਲ ਇੰਜਣ” ਦੀ ਸਰਕਾਰ ਹੈ, ਸੂਬੇ ਵਿੱਚ ਵੀ ਭਾਜਪਾ ਦਾ ਸ਼ਾਸਨ ਹੈ।
ਮਹਾਰਾਸ਼ਟਰ ਦੇ ਬੀਡ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਣੀਪੁਰ ਜਾਣਾ ਚਾਹੀਦਾ ਸੀ, ਪਰ ਉਹ ਨਹੀਂ ਗਏ। ਉਨ੍ਹਾਂ ਨੇ ਸੈਸ਼ਨ ਤੋਂ ਪਹਿਲਾਂ 3 ਮਿੰਟ ਅਤੇ ਬੇਭਰੋਸਗੀ ਮਤੇ ਦੌਰਾਨ ਸਿਰਫ਼ 5 ਮਿੰਟ ਤੱਕ ਮਣੀਪੁਰ ਬਾਰੇ ਗੱਲ ਕੀਤੀ।” ਸ਼ਰਦ ਪਵਾਰ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਮਣੀਪੁਰ ਦੀਆਂ ਔਰਤਾਂ ਦਾ ਦਰਦ ਨਹੀਂ ਸਮਝਿਆ।” ਦਸ ਦਈਏ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦਾ ਇੱਕ ਧੜਾ ਮਹਾਰਾਸ਼ਟਰ ਵਿੱਚ ਬੀਜੇਪੀ-ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਿਆ ਹੈ, ਜਦੋਂ ਕਿ ਸ਼ਰਦ ਪਵਾਰ ਦੀ ਐਨਸੀਪੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਨਰਿੰਦਰ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਸੀ। ਇਸ ਮਤੇ ਪਿੱਛੇ ਵਿਚਾਰ ਪ੍ਰਧਾਨ ਮੰਤਰੀ ਨੂੰ ਮਣੀਪੁਰ ਮੁੱਦੇ ‘ਤੇ ਬੋਲਣ ਲਈ ਮਜਬੂਰ ਕਰਨਾ ਸੀ। ਇਹ ਵਿਰੋਧੀ ਧਿਰ ਦੀ ਵੱਡੀ ਮੰਗ ਸੀ, ਜਿਸ ਨੂੰ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
3 ਮਈ ਨੂੰ ਉੱਤਰ-ਪੂਰਬੀ ਰਾਜ ਵਿੱਚ ਜਾਤੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ ਦੋ ਵਾਰ ਮਨੀਪੁਰ ਬਾਰੇ ਗੱਲ ਕੀਤੀ ਹੈ। ਪਿਛਲੇ ਹਫ਼ਤੇ ਲੋਕ ਸਭਾ ਵਿੱਚ ਬੇਭਰੋਸਗੀ ਮਤੇ ‘ਤੇ ਆਪਣੇ ਜਵਾਬ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵਾਕਆਊਟ ਕਰਨ ਤੋਂ ਬਾਅਦ ਕਰੀਬ 90 ਮਿੰਟ ਬਾਅਦ ਇਸ ਮੁੱਦੇ ‘ਤੇ ਚਰਚਾ ਕੀਤੀ। “ਉੱਤਰ-ਪੂਰਬ ਵਿੱਚ ਸਾਰੀਆਂ ਸਮੱਸਿਆਵਾਂ ਪੈਦਾ ਕਰਨ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ”, ਪ੍ਰਧਾਨ ਮੰਤਰੀ ਮੋਦੀ ਨੇ ਕਿਹਾਸੀ ਕਿ ਦੇਸ਼ ਮਨੀਪੁਰ ਦੇ ਲੋਕਾਂ ਦੇ ਨਾਲ ਹੈ ਅਤੇ ਰਾਜ ਵਿੱਚ “ਸ਼ਾਂਤੀ ਦਾ ਸੂਰਜ” ਫਿਰ ਚੜ੍ਹੇਗਾ।