ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਪੀ.ਐੱਮ. ਮੋਦੀ ਨਾਲ ਇੰਡੋਨੇਸ਼ੀਆ ਵਿਚ ਹੋਈ ਪਹਿਲੀ ਮੁਲਾਕਾਤ ਮਗਰੋਂ ਭਾਰਤੀ ਨੌਜਵਾਨਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਦੁਵੱਲੇ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਯੋਜਨਾ ਤਹਿਤ ਹਰ ਸਾਲ 3000 ਭਾਰਤੀਆਂ ਨੂੰ ਬ੍ਰਿਟੇਨ ਆਉਣ ਲਈ ਵੀਜ਼ਾ ਦਿੱਤਾ ਜਾਵੇਗਾ। ਨਵੀਂ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ, ਦੇਸ਼ 18-30 ਸਾਲ ਦੀ ਡਿਗਰੀ ਵਾਲੇ ਪੜ੍ਹੇ-ਲਿਖੇ ਭਾਰਤੀ ਨਾਗਰਿਕਾਂ ਨੂੰ ਯੂ.ਕੇ. ਆਉਣ ਅਤੇ 2 ਸਾਲ ਤੱਕ ਕੰਮ ਕਰਨ ਲਈ ਸਾਲਾਨਾ 3,000 ਸਥਾਨਾਂ ਦੀ ਪੇਸ਼ਕਸ਼ ਕਰੇਗਾ। ਇਹ ਐਲਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਵੱਲੋਂ ਇੰਡੋਨੇਸ਼ੀਆ ਵਿੱਚ ਚੱਲ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਘੰਟੇ ਕੀਤਾ ਗਿਆ।
ਸੁਨਕ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ, “ਹਿੰਦ-ਪ੍ਰਸ਼ਾਂਤ ਸਾਡੀ ਸੁਰੱਖਿਆ ਅਤੇ ਸਾਡੀ ਖੁਸ਼ਹਾਲੀ ਲਈ ਲਗਾਤਾਰ ਮਹੱਤਵਪੂਰਨ ਹੈ। ਇਹ ਗਤੀਸ਼ੀਲ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਨਾਲ ਭਰਪੂਰ ਹੈ। ਮੈਂ ਭਾਰਤ ਨਾਲ ਸਾਡੇ ਡੂੰਘੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਦੇ ਅਵਿਸ਼ਵਾਸ਼ਯੋਗ ਮੁੱਲ ਨੂੰ ਜਾਣਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਸਭ ਤੋਂ ਵੱਧ ਹੁਸ਼ਿਆਰ ਨੌਜਵਾਨਾਂ ਨੂੰ ਹੁਣ ਯੂ.ਕੇ. ਦੀ ਜ਼ਿੰਦਗੀ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।”
ਬ੍ਰਿਟੇਨ ਵਿੱਚ ਲਗਭਗ ਇੱਕ ਚੌਥਾਈ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਹਨ ਅਤੇ ਯੂਕੇ ਵਿੱਚ ਭਾਰਤੀ ਨਿਵੇਸ਼ 95,000 ਨੌਕਰੀਆਂ ਦਾ ਸਮਰਥਨ ਕਰਦਾ ਹੈ। ਡਾਊਨਿੰਗ ਸਟ੍ਰੀਟ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਇਸ ਸਕੀਮ ਦੀ ਸ਼ੁਰੂਆਤ ਭਾਰਤ ਨਾਲ ਸਾਡੇ ਦੁਵੱਲੇ ਸਬੰਧਾਂ ਅਤੇ ਇੰਡੋ-ਪੈਸੀਫਿਕ ਖੇਤਰ ਨਾਲ ਮਜ਼ਬੂਤ ਸਬੰਧ ਬਣਾਉਣ ਲਈ ਯੂਕੇ ਦੀ ਵਿਆਪਕ ਵਚਨਬੱਧਤਾ ਦੋਵਾਂ ਲਈ ਇੱਕ ਮਹੱਤਵਪੂਰਨ ਪਲ ਹੈ।” ਯੂਕੇ ਭਾਰਤ ਦੇ ਨਾਲ ਇੱਕ ਵਪਾਰਕ ਸਮਝੌਤੇ ‘ਤੇ ਵੀ ਗੱਲਬਾਤ ਕਰ ਰਿਹਾ ਹੈ, ਜੋ ਕਿ ਯੂਕੇ-ਭਾਰਤ ਵਪਾਰਕ ਸਬੰਧਾਂ ‘ਤੇ ਆਧਾਰਿਤ ਹੋਵੇਗਾ, ਜੋ ਪਹਿਲਾਂ ਤੋਂ ਹੀ 24 ਬਿਲੀਅਨ ਪੌਂਡ ਦਾ ਹੈ।