ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਖ਼ਿਲਾਫ਼ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਕਦਮ ਚੁੱਕਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਜੋ ਪ੍ਰਾਈਵੇਟ ਸਕੂਲ ਮਾਪਿਆਂ ਤੋਂ ਕਿਤਾਬਾਂ ਅਤੇ ਫੀਸਾਂ ਦੇ ਨਾ ‘ਤੇ ਲੁੱਟ ਕਰ ਰਹੇ ਹਨ। ਉਹਨਾਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਿਰਫ਼ NCRT ਦੀਆਂ ਹੀ ਕਿਤਾਬਾਂ ਵਰਤੀਆਂ ਜਾਣੀਆ ਚਾਹੀਦੀਆਂ ਹਨ। ਨਾਲ ਹੀ ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਇਕ Education Minister Task Force ਗਠਿਤ ਕਰ ਦਿੱਤੀ ਹੈ ਜੋ ਇਹਨਾਂ ਸ਼ਿਕਾਇਤਾਂ ਦਾ ਮੁਆਇਨਾ ਕਰੇਗੀ।
ਇਸ ਦੇ ਨਾਲ ਸਿੱਖਿਆ ਮੰਤਰੀ ਨੇ ਇਕ ਈ-ਮੇਲ ਵੀ ਜਾਰੀ ਕੀਤੀ ਹੈ। ਜਿਸ ’ਤੇ ਬੱਚਿਆਂ ਦੇ ਮਾਪੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ, ਇਨ੍ਹਾਂ ਸ਼ਿਕਾਇਤਾਂ ’ਤੇ ਪੰਜਾਬ ਸਰਕਾਰ ਵਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦਰਅਸਲ ਪੰਜਾਬ ਸਰਕਾਰ ਨੂੰ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ਵਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੱਚਿਆਂ ਦੇ ਮਾਪਿਆਂ ਲਈ ਸੰਦੇਸ਼ ਜਾਰੀ ਕਰਦੇ ਹੋਏ ਆਖਿਆ ਹੈ ਕਿ ਜੇਕਰ ਕੋਈ ਪ੍ਰਾਈਵੇਟ ਸਕੂਲ ਉਨ੍ਹਾਂ ਨੂੰ ਤੰਗ ਕਰਦਾ ਹੈ ਜਾਂ ਮਨਮਰਜ਼ੀ ਦੀ ਫੀਸ ਵਸੂਲਦਾ ਹੈ ਤਾਂ ਉਹ ਸਿੱਧੀ ਉਨ੍ਹਾਂ ਨੂੰ ਸ਼ਿਕਾਇਤ ਕਰ ਸਕਦੇ ਹਨ। ਇਸ ਲਈ ਸਿੱਖਿਆ ਮੰਤਰੀ ਵਲੋਂ ਬਕਾਇਦਾ ਈ-ਮੇਲ EMOfficepunjab@gmail.com ਵੀ ਲਾਂਚ ਕੀਤੀ ਗਈ ਹੈ, ਜਿਸ ’ਤੇ ਬੱਚਿਆਂ ਦੇ ਮਾਪੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ। ਇਸ ਦੇ ਨਾਲ ਪ੍ਰਾਈਵੇਟ ਸਕੂਲਾਂ ਨੂੰ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਸਰਕਾਰ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ ਕਿ ਕਿੰਨੀ ਫੀਸ ਉਹਨਾਂ ਵਲੋਂ ਵਧਾਈ ਗਈ ਹੈ।