ਫਰਾਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਚੱਪਾ-ਚੱਪਾ ਛਾਣ ਰਹੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਨੇਪਾਲ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਪਰ ਹੁਣ ਮੁੜ ਅੰਮ੍ਰਿਤਪਾਲ ਸਿੰਘ ਦੇ ਪੰਜਾਬ ‘ਚ ਹੋਣ ਦੀ ਇਨਪੁੱਟਸ ਦੇ ਆਧਾਰ ਉੱਤੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸੀ ਆਈ ਡੀ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸ਼ੱਕ ਦੇ ਆਧਾਰ ਉੱਤੇ ਇੱਕ ਇਨੋਵਾ ਕਾਰ ਦਾ ਪਿੱਛਾ ਕੀਤਾ ਜਿਸ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਹੋਣ ਦਾ ਸ਼ੱਕ ਸੀ। ਸ਼ੱਕੀ ਇਨੋਵਾ ਕਾਰ ਪਿੰਡ ਮਰਨੀਆ, ਥਾਣਾ ਮਹਿਤਿਆਣਾ, ਦੇ ਗੁਰਦਵਾਰਾ ਭਾਈ ਚੰਚਲ ਸਿੰਘ ਕੋਲ ਛੱਡ ਕੇ ਭੱਜ ਗਏ।
ਇਹ ਕਾਰ ਚਿੱਟੇ ਰੰਗ ਦੀ ਦੱਸੀ ਜਾ ਰਹੀ ਹੈ ਜਿਸ ਦਾ ਨੰਬਰ PB10CK0527 ਸੀ ਅਤੇ ਜੋ ਫਗਵਾੜਾ ਤੋਂ ਹੁਸ਼ਿਆਰਪੁਰ ਆ ਰਹੀ ਸੀ। ਅਜੇ ਤੱਕ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੋ ਸਕੀ ਹੈ ਕਿ ਉਸ ਕਾਰ ਵਿੱਚ ਅੰਮ੍ਰਿਤਪਾਲ ਸੀ ਕਿ ਨਹੀਂ। ਹੁਸ਼ਿਆਰਪੁਰ ਦੀ ਫਗਵਾੜਾ ਰੋਡ ਤੇ ਪੁਲਿਸ ਵੱਲੋਂ ਇਸ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਪਰ ਗੱਡੀ ਚ ਸਵਾਰ ਲੋਕਾਂ ਨੇ ਬਾਈਪਾਸ ਦੇ ਨਜ਼ਦੀਕ ਲੱਗਦੇ ਪਿੰਡ ਵੱਲ ਮੋੜ ਲਈ ਜਿਸਤੋਂ ਬਾਅਦ ਪੁਲਿਸ ਨੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਹੋਏ ਹਨ ਅਤੇ ਕਿਸੇ ਨੂੰ ਵੀ ਪਿੰਡ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।