ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਠੁਰ-ਠੁਰ ਕਰਦੇ ਲੋਕਾਂ ਲਈ ਇਕ ਚੰਗੀ ਖ਼ਬਰ ਹੈ। ਪੰਜਾਬ ‘ਚ ਅੱਜ ਸਵੇਰੇ ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਹੈ ਅਤੇ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹੁਣ 26 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਕਾਰਨ ਹੀ ਠੰਢ ਅਤੇ ਸੰਘਣੀ ਧੁੰਦ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਠੰਡ ਵੀ ਥੋੜ੍ਹੀ ਘੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੀਂਹ ਪੈਣ ਦੇ ਨਾਲ ਤਾਪਮਾਨ ‘ਚ ਵੀ ਵਾਧਾ ਹੋਣ ਦੇ ਆਸਾਰ ਹਨ। ਮੀਂਹ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਭਾਵੇਂ ਹੀ ਪਿਛਲੇ ਦਿਨੀਂ ਧੁੱਪ ਨਿਕਲ ਰਹੀ ਸੀ ਪਰ ਇਸ ਦੇ ਨਾਲ ਹੀ ਸੀਤ ਲਹਿਰ ਵੀ ਚੱਲ ਰਹੀ ਸੀ, ਜਿਸ ਕਾਰਨ ਧੁੱਪ ਦਾ ਜ਼ਿਆਦਾ ਅਸਰ ਦਿਖਾਈ ਨਹੀਂ ਦਿੰਦਾ ਸੀ ਪਰ ਹੁਣ ਮੀਂਹ ਪੈਣ ਨਾਲ ਮੌਸਮ ਬਦਲਣ ਦੀ ਆਸ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ 22 ਤਾਰੀਖ਼ ਤੋਂ ਲੈ ਕੇ 26 ਤਾਰੀਖ਼ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।