ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਪਹੁੰਚੇ। ਉਨ੍ਹਾਂ ਨੇ ਪੰਜਾਬ ‘ਚ ਨਵੀਂ ਫੋਰਸ ਬਣਾਈ ਹੈ ਜੋ ਸੜਕਾਂ ‘ਤੇ ਹੋ ਰਹੇ ਹਾਦਸਿਆਂ ਨੂੰ ਰੋਕੇਗੀ। ਜਿਸ ਦਾ ਨਾਂ ‘ਸੜਕ ਸੁਰੱਖਿਆ ਫੋਰਸ’ ਹੈ। ਇਸ ਦੇ ਲਈ ਮੁੱਖ ਮੰਤਰੀ ਵੱਲੋਂ 129 ਨਵੀਆਂ ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਫੋਰਸ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦੀ ਮਦਦ ਕਰੇਗੀ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ 14 ਲੋਕ ਮਰ ਰਹੇ ਹਨ। ਇਹ ਸਿਰਫ਼ ਇੱਕ ਛੋਟਾ ਜਿਹਾ ਅੰਕੜਾ ਹੈ। ਇੱਕ ਸਾਲ ਵਿੱਚ 5 ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। ਕਿਤੇ ਨਾ ਕਿਤੇ ਲੋਕਾਂ ਦੀ ਮੌਤ ਲਾਪਰਵਾਹੀ ਦਾ ਨਤੀਜਾ ਹੈ। ਪੰਜਾਬ ਪੁਲਿਸ ਕੋਲ ਪਹਿਲਾਂ ਹੀ ਬਹੁਤ ਸਾਰਾ ਕੰਮ ਹੈ। ਮਿਸਾਲ ਦੇ ਤੌਰ ‘ਤੇ ਜਦੋਂ ਕਾਰ ਦਰਿਆ ‘ਚ ਡਿੱਗਦੀ ਸੀ, ਜਦੋਂ ਕੋਈ ਹਾਦਸਾ ਹੁੰਦਾ ਸੀ ਤਾਂ ਪੁਲਿਸ ਜਾਂਦੀ ਸੀ। ਇਸ ਕਾਰਨ ਇੱਕ ਨਵੀਂ ਫੋਰਸ ਬਣਾਈ ਗਈ ਹੈ। ਇਸ ਫੋਰਸ ਦੀ ਵਰਦੀ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।
ਸੀਐਮ ਮਾਨ ਨੇ ਦੱਸਿਆ ਕਿ ਇੱਕ ਵਾਹਨ 30 ਕਿਲੋਮੀਟਰ ਦੇ ਦਾਇਰੇ ਵਿੱਚ ਰਹੇਗਾ। ਜੇਕਰ ਉਸ ਇਲਾਕੇ ਵਿੱਚ ਕੋਈ ਹਾਦਸਾ ਵਾਪਰਦਾ ਹੈ ਤਾਂ ਉਥੇ ਦਾ ਅਧਿਕਾਰੀ ਜਿੰਮੇਵਾਰ ਹੋਵੇਗਾ। ਹਾਦਸੇ ਦਾ ਜਵਾਬ ਲੈਣ ਲਈ ਉਸ ਅਧਿਕਾਰੀ ਨੂੰ ਬੁਲਾਇਆ ਜਾਵੇਗਾ। ਇਸ ਫੋਰਸ ਨੂੰ ਦਿੱਤੇ ਜਾਣ ਵਾਲੇ ਸਾਰੇ ਵਾਹਨ ਡਿਜੀਟਲ ਹੋਣਗੇ। ਜੀਪੀਐਸ ਸਿਸਟਮ ਲਗਾਇਆ ਜਾਵੇਗਾ। ਇਸ ਫੋਰਸ ਕੋਲ ਐਂਬੂਲੈਂਸ ਅਤੇ ਰਿਕਵਰੀ ਵੈਨ ਤੱਕ ਹੋਵੇਗੀ।
ਹੁਣ ਜੇਕਰ ਕੋਈ ਟਰਾਲੀ ਜਾਂ ਕੋਈ ਹੋਰ ਵਾਹਨ ਸੜਕ ‘ਤੇ ਖੜ੍ਹਾ ਕਰਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਵੀ ਕੀਤਾ ਜਾਵੇਗਾ। ਪੰਜਾਬ ਵਿੱਚ ਜੋ ਲੋਕ ਬੇਲੋੜੇ ਹਾਦਸਿਆਂ ਵਿੱਚ ਮਾਰੇ ਜਾ ਰਹੇ ਹਨ, ਉਨ੍ਹਾਂ ‘ਤੇ ਰੋਕ ਲਗਾਈ ਜਾਵੇਗੀ। ਇਹੀ ਫੋਰਸ ਸ਼ਹਿਰ ਦੀਆਂ ਸੜਕਾਂ ‘ਤੇ ਵੀ ਤਾਇਨਾਤ ਰਹੇਗੀ। ਇਹੀ ਫੋਰਸ ਸ਼ਹਿਰ ਵਿੱਚ ਚਲਾਨ ਵੀ ਕਰੇਗੀ। ਇਹ ਫੋਰਸ ਸ਼ਿਫਟਾਂ ਵਿੱਚ ਕੰਮ ਕਰੇਗੀ। ਇਸ ਫੋਰਸ ਵਿੱਚ ਮਹਿਲਾ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਸ ਫੋਰਸ ਨੂੰ ਮੁੱਢਲੀ ਸਹਾਇਤਾ ਅਤੇ ਹੋਰ ਸਿਖਲਾਈ ਦਿੱਤੀ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨਾਂ ਵਿੱਚ ਫਸਟ ਏਡ ਕਿੱਟ ਜ਼ਰੂਰ ਰੱਖਣ।